ਦਿੜਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਭਾਰਤ ਬੰਦ ਦੇ ਸੱਦੇ ’ਤੇ ਅੱਜ ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਦਿੜ੍ਹਬਾ ਅਤੇ ਸੂਲਰ ਘਰਾਟ ’ਤੇ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਧਰਨੇ ਦੇ ਕੇ ਸੜਕ ਨੂੰ ਪੂਰੀ ਤਰ੍ਹਾਂ ਜਾਮ ਰੱਖਿਆ ਗਿਆ। ਵੱਡੀ ਗਿਣਤੀ ਕਿਸਾਨਾਂ, ਨੌਜਵਾਨਾਂ, ਬੀਬੀਆਂ ਸਣੇ ਸਮੂਹ ਵਰਗਾਂ ਨੇ ਆਪਣੇ ਕਾਰੋਬਾਰ ਬੰਦ ਕਰ ਕੇ ਧਰਨਿਆਂ ਵਿਚ ਸ਼ਮੂਲੀਅਤ ਕੀਤੀ। ਇਲਾਕੇ ਵਿੱਚ ਪੈਟਰੋਲ ਪੰਪ, ਬਾਜ਼ਾਰ ਤੇ ਵੱਖ-ਵੱਖ ਅਦਾਰੇ ਬੰਦ ਰਹੇ। ਪਿੰਡ ਕੌਹਰੀਆਂ ਵਿਚ ਜਾਮ ਲਾ ਕੇ ਇਲਾਕੇ ਦੀਆਂ ਸਾਰੀਆਂ ਸੜਕਾਂ ਬੰਦ ਰੱਖੀਆਂ ਗਈਆਂ।