ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਅਪਰੈਲ
ਮੁਲਾਜ਼ਮਾਂ ਦੀ ਅਹਿਮ ਮੰਗ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਵਾਉਣ ਲਈ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ (ਪੀਪੀਪੀਐੱਫ) ਨੇ ‘ਆਪ’ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਦੇਣ ਦੀ ਵਿੱਢੀ ਮੁਹਿੰਮ ਤਹਿਤ ਮੁਲਾਜ਼ਮਾਂ ਨੇ ਅੱਜ ਪਟਿਆਲਾ ਸ਼ਹਿਰੀ ਹਲਕੇ ਤੋਂ ‘ਆਪ’ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਵਿਧਾਇਕ ਨੇ ਉਨ੍ਹਾਂ ਦਾ ਇਹ ਮੰਗ ਪੱਤਰ ਨਾ ਸਿਰਫ਼ ਮੁੱਖ ਮੰਤਰੀ ਤੱਕ ਹੀ ਪੁੱਜਦਾ ਕਰਨ, ਬਲਕਿ ਇਸ ਅਹਿਮ ਮੰਗ ਨੂੰ ਵਿਧਾਨ ਸਭਾ ਅਤੇ ਪਾਰਟੀ ਪੱਧਰ ’ਤੇ ਉਠਾਉਣ ਦਾ ਭਰੋਸਾ ਵੀ ਦਿੱਤਾ।
ਵਿਧਾਇਕ ਨੂੰ ਮੰਗ ਪੱਤਰ ਦੇਣ ਵਾਲ਼ੇ ਵਫ਼ਦ ’ਚ ਫਰੰਟ ਦੇ ਸੂਬਾਈ ਸਲਾਹਕਾਰ ਅਤੇ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾਈ ਪ੍ਰਧਾਨ ਵਿਕਰਮਦੇਵ ਸਿੰਘ, ਗਗਨ ਰਾਣੂ, ਹਰਵਿੰਦਰ ਰੱਖੜਾ, ਜਗਜੀਤ ਜਟਾਣਾ, ਕ੍ਰਿਸ਼ਨ ਚੂਹਾਣਕੇ ਅਤੇ ਅਕਸ਼ੈ ਖਨੌਰੀ ਸਮੇਤ ਹੋਰ ਅਹੁਦੇਦਾਰ ਵੀ ਮੌਜੂਦ ਸਨ। ਜਿਨ੍ਹਾਂ ਨੇ ਮੰਗ ਪੱਤਰ ਦੇਣ ਉਪਰੰਤ ਦੱਸਿਆ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਹੋਰਨਾਂ ਅਹਿਮ ਆਗੂਆਂ ਵੱਲੋਂ ਮੁਲਾਜ਼ਮ ਰੈਲੀਆਂ ਵਿੱਚ ਅਤੇ ਚੋਣਾਂ ਦੌਰਾਨ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਕੀਤੇ ਜਨਤਕ ਐਲਾਨਾਂ ਕਾਰਨ ਐੱਨਪੀਐੱਸ ਮੁਲਾਜ਼ਮ, ‘ਆਪ’ ਵੱਲੋਂ ਆਪਣੇ ਚੋਣ ਵਾਅਦਿਆਂ ਨੂੰ ਅਮਲੀ ਰੂਪ ਦਿੱਤੇ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ ਰਾਜਸਥਾਨ ਅਤੇ ਛਤੀਸਗੜ ਸਰਕਾਰਾਂ ਵੱਲੋਂ ਮੁੜ ਪੁਰਾਣੀ ਪੈਨਸ਼ਨ ਦਾ ਪ੍ਰਬੰਧ ਬਹਾਲ ਕੀਤੇ ਜਾਣ ਨਾਲ ਵੀ ਪੰਜਾਬ ਦੀ ਪੈਨਸ਼ਨ ਪ੍ਰਾਪਤੀ ਲਹਿਰ ਨੂੰ ਵੱਡਾ ਨੈਤਿਕ ਬਲ ਅਤੇ ਉਤਸ਼ਾਹ ਮਿਲਿਆ ਹੈ।