ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਅਪਰੈਲ
ਮੇਅਰ ਸੰਜੀਵ ਬਿੱਟੂ ਨੇ ਮੰਗਲਵਾਰ ਨੂੰ ਨਗਰ ਨਿਗਮ ਦੇ ਵੱਖ-ਵੱਖ ਸ਼ਾਖਾ ਮੁਖੀਆਂ ਨਾਲ ਮੀਟਿੰਗ ਕਰ ਕੇ ਬਰਸਾਤਾਂ ਤੋਂ ਪਹਿਲਾਂ ਕੀਤੇ ਗਏ ਲੋੜੀਂਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਨਾਲ ਹੀ ਉਨ੍ਹਾਂ ਅਧੂਰੇ ਪਏ ਕੰਮਾਂ ਨੂੰ ਬਰਸਾਤਾਂ ਤੋਂ ਪਹਿਲਾਂ ਹਰ ਹਾਲਤ ’ਚ ਨੇਪਰੇ ਚਾੜ੍ਹਨ ਦੀ ਤਾਕੀਦ ਕੀਤੀ। ਮੇਅਰ ਦਾ ਕਹਿਣਾ ਸੀ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਗਏ ਪ੍ਰਬੰਧਾਂ ’ਤੇ ਚੋਖੇ ਫੰਡ ਖਰਚ ਕੀਤੇ ਗਏ ਹਨ। ਇਸ ਲਈ ਜੇਕਰ ਸ਼ਹਿਰ ਵਿੱਚ ਬਰਸਾਤਾਂ ਦੌਰਾਨ ਕਿਸੇ ਵੀ ਖੇਤਰ ’ਚ ਪਾਣੀ ਭਰਨ ਦੀ ਸਮੱਸਿਆ ਆਈ, ਤਾਂ ਇਸ ਲਈ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਹੋਰ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰ ਜਾਣ ਦੀ ਸੰਭਾਵਨਾ ਵਾਲੇ ਇਲਾਕਿਆਂ ਦੀ ਸਮੇਂ ਸਿਰ ਸ਼ਨਾਖਤ ਕਰ ਕੇ ਉੱਥੇ ਲੋੜੀਂਦੀ ਸਫ਼ਾਈ ਅਤੇ ਹੋਰ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ, ਤਾਂ ਜੋ ਸ਼ਹਿਰ ਵਾਸੀਆਂ ਨੂੰ ਬਰਸਾਤੀ ਸੀਜ਼ਨ ਵਿੱਚ ਪਾਣੀ ਦੀ ਨਿਕਾਸੀ ਸਬੰਧੀ ਕੋਈ ਸਮੱਸਿਆ ਨਾ ਆਵੇ।
ਇਸ ਮੌਕੇ ਮੇਅਰ ਨੇ ਬਿਲਡਿੰਗ ਸ਼ਾਖਾ ਨੂੰ ਕਿਹਾ ਕਿ ਨਾਲਿਆਂ ’ਤੇ ਬਣਾਈਆਂ ਉਸਾਰੀਆਂ ’ਤੇ ਕਾਰਵਾਈ ਕੀਤੀ ਜਾਵੇ ਅਤੇ ਟਰੈਫਿਕ ਦੀ ਸਮੱਸਿਆ ਨੂੰ ਵਧਾ ਰਹੀਆਂ ਆਰੀਆ ਸਮਾਜ ਚੌਕ ਵਿੱਚ ਨਾਜਾਇਜ਼ ਉਸਾਰੀਆਂ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਪ੍ਰਤਾਪ ਕਲੋਨੀ ਤੇ ਕੇਸਰ ਬਾਗ ਕਲੋਨੀ ਵਿੱਚੋਂ ਲੰਘਦੀ ਡਰੇਨ ਦੇ ਕੰਢਿਆਂ ’ਤੇ ਹੋ ਰਹੀਆਂ ਉਸਾਰੀਆਂ ਨੂੰ ਵੀ ਤੁਰੰਤ ਰੋਕਣ ਦੀ ਹਦਾਇਤ ਕੀਤੀ। ਮੇਅਰ ਨੇ ਰਾਘੋਮਾਜਰਾ ਦੇ ਧੋਬੀਘਾਟ, ਰੈੱਡ ਕਰਾਸ ਦੀਆਂ ਦੁਕਾਨਾਂ ਦੇ ਵਰਾਂਡੇ, ਕਿਲਾ ਚੌਕ ਦੇ ਸਾਹਮਣੇ ਸੜਕ ਵੱਲ ਵਧੀਆਂ ਦੁਕਾਨਾਂ ਦੇ ਨਾਲ-ਨਾਲ ਮਹਿੰਦਰਾ ਕਾਲਜ ਦੇ ਨਾਲ-ਨਾਲ ਲੋਕਾਂ ਨੂੰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਿਰਦੇਸ਼ ਵੀ ਦਿੱਤੇ। ਮਹਿੰਦਰਾ ਕਾਲਜ ਦੇ ਕੋਲੋਂ ਲੰਘਦੇ ਰਜਬਾਹੇ ਦੀ ਜ਼ਮੀਨ ਨੂੰ ਖਾਲੀ ਕਰਵਾਉਣ ਦੇ ਨਾਲ-ਨਾਲ ਕਾਲਜ ਅੱਗੋਂ ਦੀ ਲੰਘਦੀ ਸੜਕ ਤੱਕ ਕੀਤੀਆਂ ਨਾਜਾਇਜ਼ ਉਸਾਰੀਆਂ ਨੂੰ ਹਟਾਉਣ ਵਰਗੇ ਜ਼ਰੂਰੀ ਕੰਮਾਂ ਨੂੰ ਜਲਦੀ ਪੂਰਾ ਕਰਨ ’ਤੇ ਜ਼ੋਰ ਦਿੱਤਾ ਗਿਆ। ਮੇਅਰ ਨੇ ਬਿਲਡਿੰਗ ਬ੍ਰਾਂਚ ਨੂੰ ਕਿਹਾ ਕਿ ਘਰੇਲੂ ਜਾਂ ਨਕਸ਼ੇ ਪਾਸ ਕਰਵਾਉਣ ਵਿੱਚ ਲੋਕਾਂ ਨੂੰ ਤੁਰੰਤ ਰਾਹਤ ਦਿੱਤੀ ਜਾਵੇ।
ਮੇਅਰ ਨੇ ਇੰਜਨੀਅਰ ਬ੍ਰਾਂਚ ਨੂੰ ਨਿਰਦੇਸ਼ ਦਿੱਤਾ ਕਿ ਸ਼ਹਿਰ ਵਿੱਚ ਟਰੈਫਿਕ ਸਿਗਨਲ, ਸ਼ਹਿਰ ਲਈ ਟਰੈਫਿਕ ਪਲਾਨ, ਸੀ.ਸੀ.ਟੀ.ਵੀ ਕੈਮਰਿਆਂ ਦਾ ਪ੍ਰਾਜੈਕਟ, ਰੈਂਡਰਿੰਗ ਪਲਾਂਟ, ਆਧੁਨਿਕ ਸਲਾਟਰ ਹਾਊਸ, ਪਾਇਪਾਂ ਪਾ ਕੇ ਬਾਕੀ ਰਹਿ ਗਈਆਂ ਨਾਲੀਆਂ ਨੂੰ ਬੰਦ ਕਰਨ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ। ਮੇਅਰ ਨੇ ਓ.ਐਂਡ.ਐੱਮ ਸ਼ਾਖਾ ਨੂੰ ਹਦਾਇਤ ਕੀਤੀ ਕਿ ਉਹ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਰ ਦੀਆਂ ਡਰੇਨਾਂ ਅਤੇ ਸੀਵਰੇਜ ਦੀ ਸਫ਼ਾਈ ਦਾ ਕੰਮ ਨਿਪਟਾਉਣ ਦੇ ਨਾਲ-ਨਾਲ ਸ਼ਹਿਰ ਦੇ ਬੰਦ ਪਏ ਟਿਊਬਵੈੱਲਾਂ ਦੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਬਚਾਉਣ ਲਈ ਉਨ੍ਹਾਂ ਦੀ ਕਿਸੇ ਤਰਾਂ ਨਾਲ ਵਰਤੋਂ ਕਰਨ। ਪਾਣੀ ਜਾਂ ਸੀਵਰੇਜ ਦੀ ਸ਼ਿਕਾਇਤਾਂ ਨੂੰ ਬਿਨਾਂ ਦੇਰੀ ਤੋਂ ਦੂਰ ਕੀਤਾ ਜਾਵੇ।