ਖੇਤਰੀ ਪ੍ਰਤੀਨਿਧ
ਪਟਿਆਲਾ, 10 ਦਸੰਬਰ
ਐੱਸਐੱਸਪੀ ਵਿਕਰਮਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਹਗੀਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਤੇਜ਼ ਰਫ਼ਤਾਰ ਨਾਲ਼ ਵਾਹਨ ਚਲਾਉਣ ਵਾਲ਼ਿਆਂ ਸਮੇਤ ਜੈਬਰਾ ਕਰਾਸਿੰਗ ਦੀ ਉਲੰਘਣਾ ਕਰਨ ਵਾਲ਼ਿਆਂ ਨੂੰ ਗੁਲਾਬ ਦੇ ਫੁੱਲ ਦੇ ਕੇ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਗ਼ਲਤੀ ਦਾ ਅਹਿਸਾਸ ਵੀ ਕਰਾਇਆ, ਤਾਂ ਜੋ ਉਹ ਭਵਿੱਖ ਵਿੱਚ ਦੁਬਾਰਾ ਗ਼ਲਤੀ ਨਾ ਕਰਨ। ਡੀਐਸਪੀ ਟ੍ਰੈਫਿਕ ਅੱਛਰੂ ਰਾਮ ਸ਼ਰਮਾ ਨੇ ਦੱਸਿਆ ਕਿ ਐੱਸਪੀ ਟ੍ਰੈਫਿਕ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਚਲਾਏ ਜਾ ਰਹੇ ਪ੍ਰੋਗਰਾਮ ਅਨੁਸਾਰ ਅੱਜ ਅੱਠਵੇਂ ਦਿਨ ਵੀ ਜ਼ਿਲ੍ਹੇ ਦੇ ਸਾਰੇ ਟ੍ਰੈਫ਼ਿਕ ਇੰਚਾਰਜਾਂ ਰਾਹੀਂ ਵਾਹਨ ਚਾਲਕਾਂ ਨੂੰ ਜਾਗਰੂਕ ਕੀਤਾ ਜਾ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ 13 ਦਸੰਬਰ ਤੱਕ ਜਾਰੀ ਰਹੇਗਾ।