ਹਰਦੀਪ ਸਿੰਘ ਭੰਗੂ
ਭਾਦਸੋਂ, 3 ਜੁਲਾਈ
ਨਗਰ ਪੰਚਾਇਤ ਭਾਦਸੋਂ ਦੇ ਅਧੀਨ ਗਊਸ਼ਾਲਾ ਨੇੜੇ ਕੁਝ ਵਿਅਕਤੀਆਂ ਵੱਲੋਂ ਸ਼ਾਮਲਾਟ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਾਜਾਇਜ਼ ਤੌਰ ’ਤੇ ਉਸਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੇ ਇੱਕਤਰ ਹੋ ਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਨਗਰ ਪੰਚਾਇਤ ਦੇ ਪ੍ਰਧਾਨ ਸਮੇਤ ਕੁਝ ਕੌਂਸਲਰਾਂ ਦੀ ਕਥਿਤ ਮਿਲੀਭੁਗਤ ਨਾਲ ਸ਼ਮਸ਼ਾਨਘਾਟ ਤੇ ਗਊਸ਼ਾਲਾ ਦੇ ਸਾਹਮਣੇ ਪੁਰਾਣੇ ਟੋਭੇ ਵਾਲੀ ਜ਼ਮੀਨ ’ਤੇ ਚਾਰਦੀਵਾਰ ਕਰ ਕੇ ਕਬਜ਼ਾ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਿਖਤੀ ਤੌਰ ’ਤੇ ਨਾਇਬ ਤਹਿਸੀਲਦਾਰ ਭਾਦਸੋਂ ਨੂੰ ਇਸ ਨਜਾਇਜ ਕਬਜੇ ਬਾਰੇ ਜਾਣੂ ਕਰਵਾਇਆ ਗਿਆ ਹੈ, ਜਿਸ ’ਤੇ ਕਾਰਵਾਈ ਕਰਦਿਆਂ ਨਾਇਬ ਤਹਿਸੀਲਦਾਰ ਭਾਦਸੋਂ ਨੇ ਹੁਕਮ ਦੇ ਕੇ ਉਸਾਰੀ ਦਾ ਕੰਮ ਤੁਰੰਤ ਰੁਕਵਾ ਦਿੱਤਾ ਹੈ। ਉਨ੍ਹਾਂ ਨਗਰ ਪੰਚਾਇਤ ਨੂੰ ਹਦਾਇਤ ਵੀ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਵਾਈ ਜਾਵੇ। ਨਗਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਸਬੰਧਤ ਅਧਿਕਾਰੀਆਂ ਵੱਲੋਂ ਥਾਂ ਦੀ ਜਨਤਕ ਤੌਰ ’ਤੇ ਮਿਣਤੀ ਕਰਵਾ ਕੇ ਸੱਚ ਸਾਹਮਣੇ ਲਿਆਂਦਾ ਜਾਵੇ। ਇਸ ਮੌਕੇ ਦਰਬਾਰਾ ਸਿੰਘ ਕੌਂਸਲਰ, ਨੰਬਰਦਾਰ ਪ੍ਰੇਮ ਲਾਲਕਾ,ਸਤਨਾਮ ਸੰਧੂ , ਸਾਬਕਾ ਫੌਜੀ ਜੋਰਾ ਸਿੰਘ,ਸਾਬਕਾ ਕੌਂਸਲਰ ਬੱਲਾ ਰਾਮ, ਸਾਬਕਾ ਕੌਂਸਲਰ ਅਰਸ਼ਦ ਮਲਿਕ, ਕੁੱਕੀ ਨੰਬਰਦਾਰ, ਰਮੇਸ਼ ਗੁਪਤਾ ਸ਼ਹਿਰੀ ਪ੍ਰਧਾਨ, ਸੰਜੀਵ ਸੂਦ, ਚੰਦ ਸਿੰਘ, ਰੁਪਿੰਦਰ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ ਘੁੱਲਾ ਤੇ ਚੇਤਨ ਸ਼ਰਮਾ ਹਾਜ਼ਰ ਸਨ। ਮੌਜੂਦਾ ਕੌਂਸਲਰ ਤੇ ਸਾਬਕਾ ਸਰਪੰਚ ਦਰਸ਼ਨ ਕੋੜਾ ਨੇ ਦੱਸਿਆ ਕਿ ਗਊਸ਼ਾਲਾ ਸਾਹਮਣੇ ਜੋ ਉਸਾਰੀ ਕੀਤੀ ਜਾ ਰਹੀ ਹੈ, ਉਸ ਦੀ ਮਾਲਕੀ ਨਗਰ ਪੰਚਾਇਤ ਦੀ ਹੈ, ਪਰ ਕੁਝ ਕੌਂਸਲਰਾਂ ਦੀ ਮਿਲੀਭੁਗਤ ਨਾਲ ਨਗਰ ਪੰਚਾਇਤ ਦੀ ਥਾਂ ’ਤੇ ਕਬਜ਼ਾ ਕਰਵਾ ਕੇ ਨਗਰ ਪੰਚਾਇਤ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਕੀ ਕਹਿੰਦੇ ਨੇ ਕਾਰਜਸਾਧਕ ਅਫ਼ਸਰ
ਇਸ ਮਾਮਲੇ ਬਾਰੇ ਜਦੋਂ ਕਾਰਜ ਸਾਧਕ ਅਫਸਰ ਅਮਰੀਕ ਸਿੰਘ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਤੁਰੰਤ ਉਸਾਰੀ ਬੰਦ ਕਰਵਾ ਕੇ ਸਬੰਧਤ ਪਾਰਟੀ ਨੂੰ ਨਿਸ਼ਾਨਦੇਹੀ ਲਈ ਨੋਟਿਸ ਭੇਜ ਦਿੱਤਾ ਗਿਆ ਹੈ।