ਹਰਵਿੰਦਰ ਕੌਰ ਨੌਹਰਾ
ਨਾਭਾ, 29 ਜੂਨ
ਇਥੋਂ ਦੇ ਸਿਵਲ ਹਸਪਤਾਲ ਵਿੱਚ ਨਰਸਿੰਗ ਐਸੋਸੀਏਸ਼ਨ ਪੰਜਾਬ ਬਰਾਂਚ ਨਾਭਾ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਪੰਜਾਬ ਸਰਕਾਰ ਵਿਰੁੱਧ ਰੈਲੀ ਕੀਤੀ ਗਈ, ਜਿਸ ਦੀ ਅਗਵਾਈ ਬਲਜੀਤ ਕੌਰ ਪ੍ਰਧਾਨ, ਦੀਪ ਚੰਦ ਹੰਸ ਜ਼ਿਲ੍ਹਾ ਚੇਅਰਮੈਨ, ਸੰਤੋਸ਼ ਰਾਣੀ, ਗੁਰਪ੍ਰੀਤ ਕੌਰ, ਹਰਜੀਤ ਕੌਰ ਤੇ ਰੈਨੂੰ ਬਾਲਾ ਨੇ ਕੀਤੀ। ਇਸ ਦੌਰਾਨ ਨਰਸਿੰਗ ਸਟਾਫ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੰਗ ਕਰਦਿਆਂ ਕਿਹਾ ਕਿ ਪੇ-ਕਮਿਸ਼ਨ ਦੀ ਰਿਪੋਰਟ ਜਲਦੀ ਦਿੱਤੀ ਜਾਵੇ, ਡੀ.ਏ. ਦੀਆਂ ਕਿਸ਼ਤਾਂ ਅਤੇ ਬਕਾਇਆ ਤੁਰੰਤ ਦਿੱਤਾ ਜਾਵੇ, ਨਰਸਿੰਗ ਸਟਾਫ ਨੂੰ ਸੈਂਟਰ ਦੀ ਤਰਜ਼ ਮੁਤਾਬਿਕ ਭੱਤੇ ਦਿੱਤੇ ਜਾਣ, ਸਟਾਫ ਨਰਸਿੰਗ ਨੂੰ ਅਫਸਰ ਦਾ ਨਾਮ ਦਿੱਤਾ ਜਾਵੇ ਅਤੇ ਗਰੇਡ-2 (ਗਰੁੱਪ ਬੀ) ਕੀਤਾ ਜਾਵੇ, ਕੱਚੀਆਂ ਸਟਾਫ ਨਰਸਾਂ ਨੂੰ ਪੱਕਾ ਕੀਤਾ ਜਾਵੇ ਅਤੇ ਮਿਤੀ 1 ਜਨਵਰੀ 2004 ਤੋਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਤੇ ਸਟਾਫ ਨਰਸਾਂ ਦੀ ਭਰਤੀ ਰੈਗੂਲਰ ਕੀਤੀ ਜਾਵੇ। ਇਸ ਮੌਕੇ ਦੀਪ ਚੰਦ ਹੰਸ ਨੇ ਸੰਬੋਧਨ ਕਰਦਿਆਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਨਰਸਿੰਗ ਸਟਾਫ ਦੀਆਂ ਮੰਗਾਂ ਜਾਇਜ਼ ਹਨ, ਜਿਨ੍ਹਾਂ ਨੂੰ ਪ੍ਰਵਾਨ ਕੀਤਾ ਜਾਵੇ। ਇਸ ਦੇ ਨਾਲ ਹੀ ਕਰੋਨਾ ਮਹਾਮਾਰੀ ਦੌਰਾਨ ਸਿਹਤ ਮਹਿਕਮੇ ਵਿੱਚ ਫਰੰਟ ਲਾਈਨ ’ਤੇ ਸਟਾਫ ਨਰਸਾਂ ਅਤੇ ਦਰਜਾ ਚਾਰ ਸਫਾਈ ਸੇਵਕ, ਵਾਰਡ ਅਟੈਡੇਂਟ, ਪੈਰਾਮੈਡੀਕਲ ਸਟਾਫ ਜੋ ਪਿਛਲੇ ਲੰਮੇ ਸਮੇਂ ਸਿਵਲ ਹਸਪਤਾਲ ਨਾਭਾ ਵਿੱਚ ਆਪਣੀਆਂ ਵਧੀਆ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੂੰ ਜਲਦ ਪੱਕਾ ਕੀਤਾ ਜਾਵੇ ਅਤੇ ਰੈਗੂਲਰ ਭਰਤੀ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਕੌਰ, ਜਸਮੀਤ ਕੌਰ, ਸੁਖਮਨ, ਨਾਜਰ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।