ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਗਸਤ
ਕਰੋਨਾ ਦੀ ਕਿਸਮ ਜਾਨਣ ਸਬੰਧੀ ਪੂਨਾ ਤੇ ਦਿੱਲੀ ਵਿਚ ਕੀਤੇ ਜਾਂਦੇ ਟੈਸਟ ਹੁਣ ਪਟਿਆਲਾ ’ਚ ਹੀ ਹੋਇਆ ਕਰਨਗੇ ਕਿਉਂਕਿ ਇਸ ਸਬੰਧੀ ਇਥੇ ਵਿਸ਼ੇਸ਼ ਲੈਬ ਸਥਾਪਤ ਕੀਤੀ ਗਈ ਹੈ। ਜਿਨੋਮ ਨਾਮ ਦੀ ਇਹ ਸੀਕੂਐਂਸਿੰਗ ਲੈਬ ਇਥੇ ਗੌਰਮਿੰਟ ਮੈਡੀਕਲ ਕਾਲਜ ਵਿਖੇ ਸਥਾਪਤ ਕੀਤੀ ਗਈ ਹੈ। ਜਿ਼ਕਰਯੋਗ ਹੈ ਇਹ ਜਾਣਨ ਲਈ ਕਿ ਕਿਸੇ ਵਿਅਕਤੀ ਨੂੰ ਹੋਇਆ ਕਰੋਨਾ ਕਿਸ ਕਿਸਮ ਦਾ ਹੈ, ਲਈ ਕਰੋਨਾ ਪੀੜਤ ਮਰੀਜ਼ਾਂ ਦੇ ਸੈਂਪਲ ਲੈ ਕੇ ਟੈਸਟ ਲਈ ਪੂਨਾ ਜਾਂ ਦਿੱਲੀ ’ਚ ਭੇਜੇ ਜਾਂਦੇ ਸਨ। ਕਿਉਂਕਿ ਅਜਿਹੇ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਸਿਰਫ਼ ਇਨ੍ਹਾਂ ਥਾਵਾਂ ’ਤੇ ਹੀ ਹਨ। ਪਰ ਉਥੇ ਕਿਉਂਕਿ ਸਮੁੱਚੇ ਦੇਸ਼ ਦੇ ਮਰੀਜ਼ਾਂ ਦੇ ਟੈਸਟ ਕੀਤੇ ਜਾਂਦੇ ਹਨ, ਜਿਸ ਕਰਕੇ ਰਿਪੋਰਟ ਆਉਣ ’ਚ ਇੱਕ ਤੋਂ ਦੋ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ ਜਿਸ ਦੇ ਚੱਲਦਿਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ’ਤੇ ਪੰਜਾਬ ਸਰਕਾਰ ਵੱਲੋਂ ਅਜਿਹੀ ਲੈਬ ਹੁਣ ਪਟਿਆਲਾ ਵਿੱਚ ਸਥਾਪਤ ਕਰ ਲਈ ਗਈ ਹੈ। ਅਜਿਹੀ ਵਿਵਸਥਾ ਨੂੰ ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਤੀਜੀ ਸੰਭਾਵਿਤ ਲਹਿਰ ਨਾਲ਼ ਨਜਿੱਠਣ ਦੀਆਂ ਤਿਆਰੀਆਂ ਵਜੋਂ ਵੀ ਵੇਖਿਆ ਜਾ ਰਿਹਾ ਹੈ। ਸਰਕਾਰੀ ਰਾਜਿੰਦਰਾ ਹਸਪਤਾਲ ਤੇ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਵਿਖੇ ਲੈਬ ਇੰਚਾਰਜ ਡਾ. ਰੁਪਿੰਦਰ ਬਖਸ਼ੀ ਨੇ ਪਟਿਆਲਾ ਦੇ ਮੈਡੀਕਲ ਕਾਲਜ ਵਿਖੇ ਅਜਿਹੀ ਲੈਬ ਸਥਾਪਤ ਹੋਣ ਦੀ ਪੁਸ਼ਟੀ ਕੀਤੀ ਹੈ।