ਪੱਤਰ ਪ੍ਰੇਰਕ
ਰਾਜਪੁਰਾ, 24 ਅਗਸਤ
ਇੱਥੋਂ ਦੇ ਮਿੰਨੀ ਸਕੱਤਰੇਤ ਦੀ ਵਾਹਨ ਪਾਰਕਿੰਗ ਨੂੰ ਪ੍ਰਸ਼ਾਸਨ ਵੱਲੋਂ ਚਾਲੂ ਸਾਲ 2022-23 ਲਈ ਠੇਕੇ ’ਤੇ ਨਾ ਦੇਣਾ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਮਿਨੀ ਸਕੱਤਰੇਤ ਵਿੱਚ ਬਣੇ ਸਰਕਾਰੀ ਦਫ਼ਤਰਾਂ ਅਤੇ ਬੂਥ ਮਾਰਕੀਟ ਵਿੱਚ ਆਪਣੇ ਰੋਜ਼ਮਰ੍ਹਾ ਦੇ ਦਫ਼ਤਰੀ ਕੰਮਾਂ-ਕਾਰਾਂ ਲਈ ਹਜ਼ਾਰਾਂ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਜਿਨ੍ਹਾਂ ਵਿੱਚੋਂ ਬਹੁਗਿਣਤੀ ਲੋਕ ਆਪਣੀਆਂ ਕਾਰਾਂ, ਜੀਪਾਂ, ਸਕੂਟਰ, ਮੋਟਰਸਾਈਕਲਾਂ ਜਾਂ ਹੋਰਨਾਂ ਵਾਹਨਾਂ ’ਤੇ ਇੱਥੇ ਆਉਂਦੇ ਹਨ। ਪ੍ਰਸ਼ਾਸਨ ਵੱਲੋਂ ਇੱਕ ਅਪਰੈਲ ਤੋਂ ਮਿੰਨੀ ਸਕੱਤਰੇਤ ਦੇ ਪਾਰਕਿੰਗ ਨੂੰ ਠੇਕੇ ਉੱਤੇ ਨਾ ਦੇਣ ਕਾਰਨ ਜਿੱਥੇ ਵਾਹਨ ਚਾਲਕਾਂ ਨੂੰ ਪਾਰਕਿੰਗ ਚਾਰਜ ਨਾ ਲੱਗਣ ’ਤੇ ਵੱਡੀ ਵਿੱਤੀ ਰਾਹਤ ਮਿਲੀ ਹੈ, ਉੱਥੇ ਹੀ ਕੁਝ ਵਾਹਨ ਚਾਲਕਾਂ ਵੱਲੋਂ ਆਪਣੇ ਵਾਹਨ ਸੜਕਾਂ ਦੇ ਵਿਚਕਾਰ ਬੇਤਰਤੀਬੇ ਢੰਗ ਨਾਲ ਖੜ੍ਹੇ ਕੀਤੇ ਜਾਣ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਮਿਨੀ ਸਕੱਤਰੇਤ ਦੇ ਵਾਹਨ ਪਾਰਕਿੰਗ ਵਿੱਚ ਵਾਹਨ ਖੜ੍ਹੇ ਕਰਵਾਉਣ ਲਈ ਕਰਮਚਾਰੀ ਦੀ ਡਿਊਟੀ ਲਾਈ ਜਾਵੇ। ਇਸੇ ਦੌਰਾਨ ਗਲਤ ਪਾਰਕਿੰਗ ਦੀਆਂ ਸ਼ਿਕਾਇਤਾਂ ਮਿਲਣ ’ਤੇ ਪੁੱਜੇ ਟਰੈਫਿਕ ਪੁਲੀਸ ਦੇ ਇੰਚਾਰਜ ਗੁਰਬਚਨ ਸਿੰਘ ਵੱਲੋਂ ਸਮੇਤ ਪੁਲੀਸ ਪਾਰਟੀ ਗਲਤ ਪਾਰਕਿੰਗ ਅਤੇ ਬੇਤਰਤੀਬੇ ਢੰਗ ਨਾਲ ਖੜ੍ਹੇ ਵਾਹਨਾਂ ਦੇ ਚਲਾਨ ਕੱਟੇ ਗਏ।