ਪੱਤਰ ਪ੍ਰੇਰਕ
ਪਟਿਆਲਾ, 16 ਦਸੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਰਤਬੀ ਅਤੇ ਪ੍ਰਸ਼ਨੀ ਕਲਾਵਾਂ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ, ਪਟਿਆਲਾ ਵੱਲੋਂ 7ਵਾਂ ਨੌਰਾ ਰਿਚਰਡ ਥੀਏਟਰ ਫੈਸਟੀਵਲ ਵਿੱਚ ਪੰਜਵੇਂ ਦਿਨ ਕਿਰਪਾਲ ਕਜ਼ਾਕ ਦਾ ਲਿਖਿਆ ਤੇ ਡਾ.ਲੱਖਾ ਲਹਿਰੀ ਦੁਆਰਾ ਨਿਰਦੇਸ਼ਕ ਕੀਤਾ ਨਾਟਕ ‘ਤਲਾਕ’ ਪੇਸ਼ ਕੀਤਾ ਗਿਆ।‘ਤਲਾਕ’ ਨਾਟਕ ਦੀ ਕਹਾਣੀ ਰਵਾਇਤੀ ਨਹੀਂ ਹੈ। ਇਹ ਨਾਟਕ ਜਿੱਥੇ ਅਖੌਤੀ ਰਿਸ਼ਤਿਆਂ, ਵਿਆਹ ਸੰਸਥਾ ਜਿਹੀ ਧਾਰਮਿਕ ਮਨੌਤ ਅਧੀਨ ਕੀਤੇ ਪਵਿੱਤਰ ਅਹਿਦ ਦੀਆਂ ਧੱਜੀਆਂ ਉਡਾਉਂਦਾ ਹੈ, ਉੱਥੇ ਨਿੱਜ-ਪਰਕ ਰਿਸ਼ਤਿਆਂ ਦੇ ਸਮਵਿੱਥ ਇੱਕ ਪੇਸ਼ਾਵਰ ਔਰਤ ਦੀ ਪਵਿੱਤਰਤਾ ਅਤੇ ਬਲੀਦਾਨ ਦੀ ਨਵੀਂ ਪਰਿਭਾਸ਼ਾ ਪ੍ਰਚੰਡ ਕਰਦਾ ਹੈ। ਇਹ ਨਾਟਕ, ਮਾਨਸਿਕ ਤਣਾਓ, ਰਿਸ਼ਤਿਆਂ ਦੀ ਪੇਚੀਦਗੀ, ਪ੍ਰੇਮ ਸੰਬੰਧਾਂ ਦੇ ਤਲਿਸਮ, ਕਰੂਰ ਯਥਾਰਥ ਅਤੇ ਜਿਸਮ ਫਰੋਸ਼ੀ ਦੇ ਅੰਧਕਾਰ ਵਿੱਚ ਚਕਾਚੌਂਧ ਕਰਦੀਆਂ ਚਾਨਣ ਦੀਆਂ ਕਿਰਨਾਂ ਨੂੰ ਇੱਕ ਮਾਨਵੀ ਦ੍ਰਿਸ਼ਟੀਕੋਣ ਤੋਂ ਦੇਖਣ ਅਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ।ਨਾਟਕ ਵਿਚ ਵਿਪੁੱਲ ਅਹੂਜਾ,ਕਮਲਪ੍ਰੀਤ ਨਜ਼ਮ,ਗੁਰਦਿੱਤ ਪਹੇਸ਼,ਸੰਜੀਵ ਰਾਏ ,ਕਿਰਨਦੀਪ ਕੌਰ,ਅਰਵਿੰਦਰ ਕੌਰ,ਸੁਰਜੀਤ ਅਤੇ ਦਮਨਪ੍ਰੀਤ ਸਿੰਘ ਨੇ ਆਪਣੇ ਕਿਰਦਾਰ ਬਾਖੂਬੀ ਨਿਭਾਏ। ਇਸ ਨਾਟਕ ਨੂੰ ਸਫਲ ਬਣਾਉਣ ਵਿੱਚ ਰੌਸ਼ਨੀ ਦਾ ਖਾਸ ਯੋਗਦਾਨ ਰਿਹਾ ਜਿਸਨੂੰ ਹਰਮੀਤ ਭੁੱਲਰ ਨੇ ਬਾਖੂਬੀ ਨਿਭਾਇਆ।