ਖੇਤਰੀ ਪ੍ਰਤੀਨਿਧ
ਪਟਿਆਲਾ, 7 ਅਗਸਤ
ਚਾਰ ਅਗਸਤ ਤੋਂ ਭੇਤਭਰੀ ਹਾਲਤ ’ਚ ਲਾਪਤਾ ਹੋਏ ਇਥੋਂ ਦੀ ਰਾਜ ਕਲੋਨੀ ਦੇ ਵਸਨੀਕ ਦਲਵਿੰਦਰ ਸਿੰਘ ਦਾ ਅੱਜ ਤੀਜੇ ਦਿਨ ਵੀ ਕੋਈ ਸੁਰਾਗ ਨਹੀਂ ਲੱਗ ਸਕਿਆ। ਕਿਸੇ ਵਿਭਾਗ ’ਚ ਕੰਟਰੈਕਟ ਆਧਾਰ ’ਤੇ ਨੌਕਰੀ ਕਰਦਾ ਦੱਸਿਆ ਜਾਂਦਾ ਇੲ ਨੌਜਵਾਨ 4 ਅਗਸਤ ਨੂੰ ਤੜਕਸਾਰ ਘਰੋਂਂ ਇਹ ਕਹਿ ਕੇ ਚਲਾ ਗਿਆ ਸੀ ਕਿ ਉਹ ਕਿਸੇ ਕੰਮ ਜਾ ਰਿਹਾ ਹੈ। ਪਰ ਫੇਰ ਵਾਪਸ ਨਹੀਂ ਘਰ ਨਹੀਂ ਪਰਤਿਆ। ਉਧਰ ਦਲਵਿੰਦਰ ਸਿੰਘ ਦੇ ਭਰਾ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਘਰੋਂ ਜਾਣ ਮਗਰੋਂ ਉਸ ਦਾ ਫੋਨ ’ਤੇ ਮੈਸੇਜ ਆਇਆ ਕਿ ਉਹ ਨਹਿਰ ਵਿਚ ਛਾਲ ਮਾਰਨ ਲੱਗਾ ਹੈ ਜਿਸ ਉਪਰੰਤ ਪਰਿਵਾਰਕ ਮੈਂਬਰ ਨਹਿਰ ’ਤੇ ਪਸਿਆਣਾ ਪੁਲ਼ਾਂ ’ਤੇ ਗਏ ਅਤੇ ਉਸ ਦਾ ਸਕੂਟਰ, ਚੱਪਲਾਂ ਅਤੇ ਮੋਬਾਈਲ ਫੋਨ ਨਹਿਰ ਦੇ ਕੰਢਿਓਂ ਮਿਲਿਆ ਜਿਸ ’ਤੇ ਉਨ੍ਹਾਂ ਨੇ ਪੁਲੀਸ ਨੂੰ ਵੀ ਸੂਚਿਤ ਕੀਤਾ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਉਹ ਨਹਿਰ ਦੇ ਕੰਢੇੇ ਜਾਂਦਾ ਵਿਖਾਈ ਦੇ ਰਿਹਾ ਹੈ। ਪਰ ਛਾਲ ਮਾਰਦਾ ਨਜ਼ਰ ਨਹੀਂ ਆਇਆ ਅਤੇ ਨਾ ਹੀ ਉਸ ਨੂੰ ਕਿਸੇ ਨੇ ਨਹਿਰ ਵਿੱਚ ਛਾਲ਼ ਮਾਰਦੇ ਹੋਏ ਵੇਖਿਆ ਹੈ। ਉਸ ਦੀ ਮਾਤਾ ਸੁਖਵਿੰਦਰ ਕੌਰ ਨੇ ਇਸ ਸਬੰਧੀ ਇੱਕ ਪਰਿਵਾਰ ’ਤੇ ਸ਼ੱਕ ਜ਼ਾਹਿਰ ਕਰਦਿਆਂ ਪੁਲੀਸ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਇਸ ਪਰਿਵਾਰ ਦੇ ਕੁਝ ਮੈਂਬਰਾਂ ਕੋਲ਼ੋਂ ਸਖਤੀ ਨਾਲ ਪੁੱਛਗਿਛ ਕੀਤੀ ਜਾਵੇ ਤਾਂ ਦਲਵਿੰਦਰ ਸਿੰਘ ਬਾਰੇ ਸੁਰਾਗ ਨਿਕਲ ਸਕਦਾ ਹੈ।