ਗੁਰਨਾਮ ਸਿੰਘ ਅਕੀਦਾ
ਪਟਿਆਲਾ, 14 ਫਰਵਰੀ
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਟਿਆਲਾ ਦਿਹਾਤੀ ਤੋਂ ਕਿੰਨਰ ਮਹੰਤ ਜਸਲੀਨ (ਯੂਟਿਊਬਰ) ਵੀ ਚੋਣ ਲੜ ਰਹੀ ਹੈ। ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਝੰਡੇ ਹੇਠ ਚੋਣ ਨਿਸ਼ਾਨ ਚੱਕੀ ਲਈ ਉਹ ਪਟਿਆਲਾ ਦਿਹਾਤੀ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਚਾਰ ਕਰ ਰਹੀ ਹੈ।
ਜਸਲੀਨ ਕਹਿੰਦੀ ਹੈ ਕਿ ਪੰਜਾਬ ਵਿੱਚ ਸਾਢੇ ਨੌਂ ਸੌ ਦੇ ਕਰੀਬ ਕਿੰਨਰ ਹਨ ਤੇ ਪਟਿਆਲਾ ਜ਼ਿਲ੍ਹੇ ਵਿੱਚ ਇਨ੍ਹਾਂ ਦੀ ਗਿਣਤੀ 76 ਹੈ। ਜਸਲੀਨ ਦਾ ਕਹਿਣਾ ਹੈ ਕਿ ਉਹ ਕੁਦਰਤ ਵੱਲੋਂ ਅਜਿਹੇ ਬਣਾਏ ਗਏ ਹਨ, ਪਰ ਸਿਆਸਤ ਵਿੱਚ ਰਾਜਸੱਤਾ ਦਾ ਸੁੱਖ ਭੋਗ ਰਹੇ ਅਨੇਕਾਂ ਆਗੂ ਲੋਕਾਂ ਲਈ ਵਿਕਾਸ ਕਰਨ ਦੇ ਪੱਖ ਤੋਂ ਅਜਿਹਾ ਕਿਰਦਾਰ ਨਿਭਾਅ ਰਹੇ ਹਨ, ਜੋ ਕਿਸੇ ਲਈ ਵੀ ਸਹੀ ਨਹੀਂ। ਜਸਲੀਨ ਨੇ ਕਿਹਾ ਕਿ ਉਹ ਝੂਠੇ ਦਾਅਵੇ ਨਹੀਂ ਕਰਦੀ ਜਾਂ ਝੂਠੀਆਂ ਕਸਮਾਂ ਨਹੀਂ ਖਾਂਦੀ ਤੇ ਲੋਕਾਂ ਤੋਂ ਇੱਕ ਮੌਕਾ ਦੇਣ ਦੀ ਮੰਗ ਕਰਦੀ ਹੈ ਤਾਂ ਜੋ ਉਹ ਆਪਣੇ ਇਲਾਕਾ ਵਾਸੀਆਂ ਦੀ ਸੇਵਾ ਕਰ ਸਕੇ। ਕਿਸਾਨ ਮੋਰਚੇ ਦੌਰਾਨ ਵੀ ਜਸਲੀਨ ਨੇ ਸਰਗਰਮ ਭੂਮਿਕਾ ਨਿਭਾਈ ਹੈ। ਪਟਿਆਲਾ ਦਿਹਾਤੀ ਵਿਚ ਵਧਾਈਆਂ ਲੈਣ ਵਾਲੀ ਇਕ ਹੋਰ ਮਹੰਤ ਕਹਿੰਦੀ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਜਸਲੀਨ ਸਮਾਜ ਦੇ ਭਲੇ ਲਈ ਕੁਝ ਵੀ ਕਰ ਸਕਦੀ ਹੈ ਤੇ ਲੋਕ ਉਸ ਨੂੰ ਜ਼ਰੂਰ ਜਿਤਾਉਣਗੇ।