ਰਾਜਪੁਰਾ: ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਨੀਨਾ ਮਿੱਤਲ ਨੇ ਅੱਜ ਇੱਥੇ ਪਾਰਟੀ ਦਾ ਚੋਣ ਮਨੋਰਥ ਪੱਤਰ ਰਿਲੀਜ਼ ਕੀਤਾ। ਸ੍ਰੀਮਤੀ ਮਿੱਤਲ ਨੇ ਕਿਹਾ ਕਿ ਦਿੱਲੀ ਵਾਂਗ ਸਿਹਤ ਤੇ ਸਿੱਖਿਆਂ ਸਹੂਲਤਾਂ, ਭ੍ਰਿਸ਼ਟਾਚਾਰ, ਸਾਫ਼-ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਹਲਕਾ ਵਾਈਜ਼ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਰਾਜਪੁਰਾ ਨੂੰ ਜ਼ਿਲ੍ਹਾ ਅਤੇ ਬਨੂੜ ਨੂੰ ਸਬ ਤਹਿਸੀਲ, ਰਾਜਪੁਰਾ ਵਿੱਚ ਲੜਕੀਆਂ ਲਈ ਇਕ ਸਰਕਾਰੀ ਕਾਲਜ ਅਤੇ ਇਕ ਕੋ-ਐੱਡ ਕਾਲਜ ਖੋਲ੍ਹਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੁਰਾਣਾ ਬੱਸ ਸਟੈਂਡ ਅਤੇ ਨਵਾਂ ਬੱਸ ਸਟੈਂਡ ਜਿਸ ਉੱਪਰ ਕਰੋੜਾਂ ਰੁਪਏ ਖ਼ਰਚ ਹੋ ਚੁੱਕੇ ਹਨ ਪਰ ਉਹ ਚਿੱਟਾ ਹਾਥੀ ਬਣਿਆਂ ਹੋਇਆ ਹੈ, ਨੂੰ ਵੀ ਚਾਲੂ ਕੀਤਾ ਜਾਵੇਗਾ। ਪਿੰਡਾ ਅਤੇ ਸ਼ਹਿਰਾਂ ਵਿੱਚ ਸਾਫ਼ ਪੀਣ ਵਾਲ਼ੇ ਪਾਣੀ ਦਾ ਬੰਦੋਬਸਤ ਕੀਤਾ ਜਾਵੇਗਾ, ਖੇਡ ਸਟੇਡੀਅਮ ਬਣਾਏ ਜਾਣਗੇ, ਨਲਾਸ ਰੋਡ ਨੂੰ ਇਕ ਕੱਟ ਦਿੱਤਾ ਜਾਵੇਗਾ, ਰਾਜਪੁਰਾ ਵਿਖੇ ਸੱਤਾਧਾਰੀ ਪਾਰਟੀਆਂ ਦੇ ਵਿਅਕਤੀਆਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਛੁਡਾਏ ਜਾਣਗੇ। -ਨਿੱਜੀ ਪੱਤਰ ਪ੍ਰੇਰਕ