ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 17 ਜੂਨ
ਹਲਕਾ ਰਾਜਪੁਰਾ ਦੇ ਪਿੰਡ ਸ਼ਾਮਦੂ ਕੈਂਪ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਬਿਮਾਰ ਹੋਏ ਲੋਕਾਂ ਦਾ ਹਾਲ-ਚਾਲ ਜਾਣਨ ਲਈ ਹਲਕਾ ਵਿਧਾਇਕ ਨੀਨਾ ਮਿੱਤਲ ਸਿਵਲ ਹਸਪਤਾਲ ਰਾਜਪੁਰਾ ਪੁੱਜੇ। ਇਸ ਮੌਕੇ ਉਨ੍ਹਾਂ ਡਾਕਟਰਾਂ ਅਤੇ ਹਸਪਤਾਲ ਅਮਲੇ ਨੂੰ ਅਪੀਲ ਕੀਤੀ ਕਿ ਦਾਖਲ ਹੋਏ ਮਰੀਜ਼ਾਂ ਦੀ ਚੰਗੀ ਤਰਾਂ ਨਾਲ ਦੇਖਭਾਲ ਕੀਤੀ ਜਾਵੇ। ਇਸ ਮਗਰੋਂ ਵਿਧਾਇਕ ਨੇ ਪਿੰਡ ਸ਼ਾਮਦੂ ਕੈਂਪ ਵਿੱਚ ਜਾ ਕੇ ਮ੍ਰਿਤਕ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪਿੰਡ ਵਿੱਚ ਕਈ ਲੋਕਾਂ ਨੂੰ ਦਸਤ ਤੇ ਉਲਟੀਆਂ ਦੀ ਸ਼ਿਕਾਇਤ ਆਉਣ ਲੱਗ ਪਈ ਅਤੇ ਇਸ ਦੌਰਾਨ ਦੋ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੈ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਉਹ ਸੰਗਰੂਰ ਵਿੱਚ ਜ਼ਿਮਨੀ ਚੋਣ ਵਿਚ ਡਿਊਟੀ ਨਿਭਾ ਰਹੇ ਸਨ। ਜਦੋਂ ਉਨ੍ਹਾਂ ਨੂੰ ਇਸ ਮੰਦਭਾਗੀ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਚੋਣ ਪ੍ਰਚਾਰ ਵਿਚਾਲ਼ੇ ਹੀ ਛੱਡ ਕੇ ਉਹ ਰਾਜਪੁਰਾ ਅੱਪੜ ਆਏ। ਇਸ ਮੌਕੇ ਮੀਡੀਆ ਇੰਚਾਰਜ ਅਮਨ ਸੈਣੀ, ਅਮਰਿੰਦਰ ਸਿੰਘ ਮੀਰੀ ਪੀਏ ਟੂ ਵਿਧਾਇਕਾ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।