
ਐੱਨਜੀਟੀ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਗੰਦੇ ਪਾਣੀ ਨੂੰ ਕੁਦਰਤੀ ਢੰਗ ਨਾਲ ਸਾਫ਼ ਕਰਨ ਦੇ ਪ੍ਰਾਜੈਕਟ ਦਾ ਜਾਇਜ਼ਾ ਲੈਂਦੇ ਹੋਏ।
ਗੌਰਵਪਾਲ ਸੂਦ/ਹਰਦੀਪ ਸਿੰਘ ਭੰਗੂ
ਭਾਦਸੋਂ, 2 ਦਸੰਬਰ
ਭਾਦਸੋਂ ਸ਼ਹਿਰ ’ਚੋਂ ਨਿਕਲਦੇ ਗੰਦੇ ਪਾਣੀ ਨੂੰ ਕੁਦਰਤੀ ਤਰੀਕੇ ਨਾਲ ਸਾਫ਼ ਕਰਨ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸੁਝਾਏ ਗਏ ਡਿਜ਼ਾਈਨ ਮੁਤਾਬਕ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਪਾਇਲਟ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਗਠਿਤ ਕਾਰਜਕਾਰੀ ਕਮੇਟੀ ਨੇ ਅੱਜ ਇਸ ਪ੍ਰਾਜੈਕਟ ਦਾ ਨਿਰੀਖਣ ਕੀਤਾ। ਇਸ ਦੌਰਾਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਇੰਜਨੀਅਰ ਐੱਸ.ਐੱਸ. ਮਰਵਾਹਾ ਤੇ ਬੋਰਡ ਦੇ ਮੈਂਬਰ ਸਕੱਤਰ ਇੰਜਨੀਅਰ ਕਰੁਣੇਸ਼ ਗਰਗ ਨੇ ਸਮੁੱਚੇ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ।
ਕਾਰਜਕਾਰੀ ਕਮੇਟੀ (ਘੱਗਰ ਦਰਿਆ) ਦੇ ਚੇਅਰਮੈਨ ਤੇ ਸਾਬਕਾ ਜਸਟਿਸ ਪ੍ਰੀਤਮ ਪਾਲ, ਮੋਨੀਟਰਿੰਗ ਕਮੇਟੀ (ਸਤਲੁਜ ਦਰਿਆ) ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਰਹਿੰਦ ਚੋਅ ਵਿੱਚ ਬਣੇ ਅੱਧੇ ਐੱਮਐੱਲਡੀ ਦੇ ਇਸ ਪ੍ਰਾਜੈਕਟ ਦਾ ਜਾਇਜ਼ਾ ਲਿਆ ਹੈ ਕਿ ਇਹ ਕਿੰਨਾ ਗੰਦਾ ਪਾਣੀ ਕੁਦਰਤੀ ਤਰੀਕੇ ਨਾਲ ਸਾਫ਼ ਕਰ ਸਕਦਾ ਹੈ, ਤਾਂ ਜੋ ਇਸ ਦੇ ਸਫ਼ਲ ਰਹਿਣ ’ਤੇ ਇਸ ਮਾਡਲ ਨੂੰ ਦੂਜੇ ਸ਼ਹਿਰਾਂ ਵਿੱਚ ਵੀ ਅਪਣਾਇਆ ਜਾ ਸਕੇ। ਜਲ ਐਕਟ ਮੁਤਾਬਕ ਇੱਕ ਬੂੰਦ ਵੀ ਗੰਦਾ ਪਾਣੀ ਕਿਸੇ ਦਰਿਆ ਜਾਂ ਡਰੇਨ ਵਿੱਚ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਲੋੜੀਦੀਆਂ ਕੁਝ ਹੋਰ ਸੋਧਾਂ ਲਈ ਹਦਾਇਤਾਂ ਕੀਤੀਆਂ ਗਈਆਂ ਹਨ।
ਟੀਮ ਨੇ ਸਬੰਧਤ ਅਧਿਕਾਰੀਆਂ ਨੂੰ ਠੋਸ ਕੂੜਾ ਪ੍ਰਬੰਧਨ ਨਿਯਮ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਗੰਦੇ ਪਾਣੀ ਨੂੰ ਸੋਧਣ ਲਈ ਪ੍ਰਬੰਧ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਦੀ ਹਦਾਇਤ ਕੀਤੀ। ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਵਾਅਦਾ ਕੀਤਾ ਹੈ ਕਿ ਉਹ ਪਰਾਲੀ ਨਾ ਸਾੜੇ ਜਾਣ ਦਾ ਕੋਈ ਬਦਲ ਜਲਦੀ ਹੀ ਕਿਸਾਨਾਂ ਨੂੰ ਦੇਣਗੇ। ਟੀਮ ਨੇ ਨਗਰ ਪੰਚਾਇਤ ਭਾਦਸੋਂ ਵੱਲੋਂ ਗਿੱਲੇ ਤੇ ਸੁੱਕੇ ਕੂੜੇ ਨੂੰ ਸੰਭਾਲਣ ਲਈ ਕੀਤੇ ਗਏ ਪ੍ਰਬੰਧਾਂ ਦਾ ਨਿਰੀਖਣ ਵੀ ਕੀਤਾ ਜਦੋਂਕਿ ਯੰਗ ਫਾਰਮਰਜ਼ ਸਕੂਲ ਤੇ ਸਰਕਾਰੀ ਸਕੂਲ ਭਾਦਸੋਂ ਦੇ ਵਿਦਿਆਰਥੀਆਂ ਨੇ ਸਵੱਛ ਭਾਰਤ ਤੇ ਪ੍ਰਦੂਸ਼ਣ ਦੀ ਰੋਕਥਾਮ ਬਾਰੇ ਨੁੱਕੜ ਨਾਟਕ ਵੀ ਪੇਸ਼ ਕੀਤੇ। ਟੀਮ ਦੇ ਨਾਲ ਅਧਿਕਾਰੀਆਂ ਸਮੇਤ ਨਗਰ ਪੰਚਾਇਤ ਦੇ ਪ੍ਰਧਾਨ ਚੁੰਨੀ ਲਾਲ, ਕਾਰਜਸਾਧਕ ਅਫ਼ਸਰ ਅਮਰੀਕ ਸਿੰਘ ਤੇ ਨੋਡਲ ਅਫ਼ਸਰ ਅਸ਼ਵਨੀ ਕੁਮਾਰ ਮੌਜੂਦ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ
ਜ਼ਰੂਰ ਪੜ੍ਹੋ