ਪੱਤਰ ਪ੍ਰੇਰਕ
ਦੇਵੀਗੜ੍ਹ, 1 ਫਰਵਰੀ
ਪਿੰਡ ਬਰਕਤਪੁਰ ਵਿੱਚ ਇੱਕ ਨਵ-ਵਿਆਹੁਤਾ ਨੇ ਬੀਤੇ ਦਿਨ ਖ਼ੁਦਕੁਸ਼ੀ ਕਰ ਲਈ ਹੈ। ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਮਾਮੇ ਦੀਪ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਭਾਣਜੀ ਨੇ ਸਹੁਰਿਆਂ ਵੱਲੋਂ ਕੀਤੀ ਜਾਂਦੀ ਦਾਜ ਦੀ ਮੰਗ ਤੋਂ ਤੰਗ ਆ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਰਮਨਪ੍ਰੀਤ ਸਿੰਘ ਅਤੇ ਹੋਰ ਪੁਲੀਸ ਮੁਲਾਜ਼ਮ ਪਿੰਡ ਬਰਕਤਪੁਰ ਪੁੱਜੇ ਤਾਂ ਦੇਖਿਆ ਕਿ ਸ਼ੋਭਾ ਕੌਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਥਾਣਾ ਮੁਖੀ ਨੇ ਦਸਿਆ ਕਿ ਮ੍ਰਿਤਕਾ ਦੇ ਮਾਮੇ ਅਨੁਸਾਰ ਸ਼ੋਭਾ ਕੌਰ (25) ਪੁੱਤਰੀ ਅਮਰੀਕ ਸਿੰਘ ਵਾਸੀ ਪਿੰਡ ਲੋਹਾਰਾ, ਕੁਰੂਕਸ਼ੇਤਰ ਦਾ ਵਿਆਹ 25 ਅਕਤੂਬਰ 2021 ਨੂੰ ਸੁਖਵਿੰਦਰ ਸਿੰਘ ਉਰਫ ਸੋਨੂੰ ਨਾਲ ਹੋਇਆ ਸੀ। ਇਸ ਮੌਕੇ ਮਾਪਿਆਂ ਨੇ ਆਪਣੀ ਹੈਸੀਅਤ ਤੋਂ ਵਧ ਕੇ ਦਾਜ ਦਿੱਤਾ ਸੀ, ਪਰ ਕੁਝ ਦਿਨ ਬਾਅਦ ਹੀ ਉਸ ਦੀ ਭਾਣਜੀ ਸ਼ੋਭਾ ਕੌਰ ਨੂੰ ਸਹੁਰਾ ਪਰਿਵਾਰ ਕਾਰ ਲਿਆਉਣ ਲਈ ਤੰਗ ਕਰਨ ਲੱਗਾ। ਉਨ੍ਹਾਂ ਦੋਸ਼ ਲਾਇਆ ਕਿ ਉਸ ਦੀ ਭਾਣਜੀ ਨੂੰ ਉਸ ਦੇ ਪਤੀ ਸੁਖਵਿੰਦਰ ਸਿੰਘ, ਸੱਸ ਮੀਨਾ ਰਾਣੀ, ਸਹੁਰਾ ਤਰਸੇਮ ਸਿੰਘ ਅਤੇ ਦਿਓਰ ਰਵੀ ਸਿੰਘ ਨੇ ਗਲਾ ਘੁੱਟ ਕੇ ਮਾਰਿਆ ਹੈ। ਪੁਲੀਸ ਨੇ ਲੜਕੀ ਦੇ ਮਾਮੇ ਦੀਪ ਸਿੰਘ ਦੇ ਲੜਕੀ ਦੇ ਪਿਤਾ ਦੇ ਸਾਹਮਣੇ ਦਿੱਤੇ ਬਿਆਨਾਂ ’ਤੇ ਪਤੀ, ਸਹੁਰਾ, ਸੱਸ ਅਤੇ ਦਿਓਰ ਵਿਰੁੱਧ ਕੇਸ 12 ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਥਿਤ ਦੋਸ਼ੀ ਅਜੇ ਫ਼ਰਾਰ ਦੱਸੇ ਜਾਂਦੇ ਹਨ।