ਰਵੇਲ ਸਿੰਘ ਭਿੰਡਰ
ਪਟਿਆਲਾ, 4 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਥਾਨਕ ਘਰ ‘ਨਿਊ ਮੋਤੀ ਬਾਗ ਪੈਲੇਸ’ ਦੇ ਸਾਹਮਣੇ ਤੇ ਸੱਜੇ ਪਾਸੇ ਵਾਲੀ ਸੜਕ ਨੂੰ ਦੋਵੇਂ ਪਾਸਿਓਂ ਬੈਰੀਕੇਡ ਲਗਾ ਕੇ ਬੰਦ ਕੀਤੇ ਜਾਣ ਤੋਂ ਸਥਾਨਕ ਲੋਕ ਡਾਢੇ ਪ੍ਰੇਸ਼ਾਨ ਹਨ। ਇਸ ਪੈਲੇਸ ਦੇ ਆਸ-ਪਾਸ ਰਹਿੰਦੇ ਲੋਕਾਂ ਨੂੰ ਘਰ ਤੇ ਬਾਹਰ ਆਉਣ-ਜਾਣ ਲਈ ਵਲ਼-ਵਲੇਵਿਆਂ ਵਾਲੇ ਟੇਢੇ-ਮੇੇਢੇ ਰਸਤੇ ਤੈਅ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਨਾ ਸਿਰਫ਼ ਮਹਿਲ ਦੇ ਆਸ-ਪਾਸ ਰਹਿੰਦੇ ਲੋਕਾਂ ਬਲਕਿ ਹੋਰ ਲੋਕਾਂ ਤੇ ਇਤਿਹਾਸਕ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਨੂੰ ਜਾਣ ਵਾਲੀ ਸੰਗਤ ਨੂੰ ਵੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ।
ਦੱਸਣਯੋਗ ਹੈ ਕਿ ਨਿਊ ਮੋਤੀ ਬਾਗ ਪੈਲੇਸ ਦੇ ਸਾਹਮਣੇ ਪੈਂਦੀ ਸੜਕ ਨੂੰ ਵਾਈਪੀਐੱਸ ਚੌਕ ਤੋਂ ਲੈ ਕੇ ਸਰਕਾਰੀ ਆਯੂਰਵੈਦਿਕ ਕਾਲਜ ਵੱਲ ਪੈਂਦੇ ਚੌਕ ਤੱਕ ਬੈਰੀਕੇਡ ਲਗਾ ਕੇ ਪਿਛਲੇ ਕਰੀਬ ਡੇਢ ਮਹੀਨੇ ਤੋਂ ਬਿਲਕੁਲ ਬੰਦ ਕੀਤਾ ਹੋਇਆ ਹੈ। ਪ੍ਰਸ਼ਾਸਨ ਵੱਲੋਂ ਭਾਵੇਂ ਕਿ ਅਜਿਹਾ ਪੈਲੇਸ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ, ਪ੍ਰੰਤੂ ਅਜਿਹੇ ਰਾਹਾਂ ਤੋਂ ਜਾਣ ਵਾਲੇ ਲੋਕਾਂ ਨੂੰ ਇਨ੍ਹਾਂ ਰੋਕਾਂ ਕਾਰਨ ਵੱਡੀਆਂ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਪੈਲੇਸ ਦੇ ਸਾਹਮਣੇ ਪੈਂਦੇ ਘਰ ਤਾਂ ਇਨ੍ਹਾਂ ਰੋਕਾਂ ਤੋਂ ਕਾਫੀ ਪ੍ਰੇਸ਼ਾਨ ਹਨ। ਨੇੜਲੀਆਂ ਕਈ ਹੋਰ ਕਲੋਨੀਆਂ ਦੇ ਲੋਕਾਂ ਨੂੰ ਵੀ ਘਰੋਂ ਬਾਹਰ ਜਾਣ ਜਾਂ ਵਾਪਸ ਆਉਣ ਲਈ ਬਦਲਵੇਂ ਰਾਹ ਵਰਤਣੇ ਪੈ ਰਹੇ ਹਨ। ਦੱਸਿਆ ਜਾਂਦਾ ਹੈ ਕਿ ਸਬਜ਼ੀ ਵਿਕਰੇਤਾ ਵੀ ਪੈਲੇਸ ਨੇੜਲੀਆਂ ਕਈ ਕਲੋਨੀਆਂ ਵਿਚ ਜਾਣ ਤੋਂ ਟਾਲਾ ਵੱਟਣ ਲੱਗੇ ਹਨ। ਵਾਈਪੀਐੱਸ ਚੌਕ ਤੋਂ ਪੈਲੇਸ ਵੱਲ ਜਾਂਦੀ ਸੜਕ ਨੂੰ ਤਾਂ ਬਿਲਕੁਲ ਸੀਲ ਕੀਤਾ ਹੋਇਆ ਹੈ। ਇਸ ਸੜਕ ’ਤੇ ਹੁਣ ਪੈਦਲ ਜਾਣ ਵਾਲਿਆਂ ਨੂੰ ਵੀ ਮਨਾਹੀ ਹੈ। ਸ਼ਹਿਰ ਵਾਸੀਆਂ, ਖ਼ਾਸ ਕਰ ਕੇ ਪੈਲੇਸ ਦੁਆਲੇ ਰਹਿੰਦੇ ਲੋਕਾਂ ਵੱਲੋਂ ਤਾਂ ਇਸ ਮੁਸ਼ਕਿਲ ਨੂੰ ਸੋਸ਼ਲ ਮੀਡੀਆ ’ਤੇ ਵੀ ਪ੍ਰਚਾਰਿਆ ਜਾਣ ਲੱਗਿਆ ਹੈ। ਵੱਡੀ ਗੱਲ ਇਹ ਹੈ ਕਿ ਪੈਲੇਸ ਵਿਚ ਨਾ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਰਹਿ ਰਹੇ ਹਨ ਤੇ ਹੋਰ ਪਰਿਵਾਰਕ ਮੈਂਬਰ ਵੀ ਕਦੇ-ਕਦਾਈਂ ਹੀ ਰੁਕਦੇ ਹਨ ਪਰ ਫਿਰ ਵੀ ਪੈਲੇਸ ਦੁਆਲੇ ਪਹਿਰਾ ਹੋਰ ਵਧਾਇਆ ਜਾ ਰਿਹਾ ਹੈ। ਅਕਾਲੀ ਦਲ ਸੁਤੰਤਰ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਸਰਕਾਰ ਤੋਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੱਲ ਕਰਨ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਨੇ ਅਧਿਕਾਰੀ
ਉੱਧਰ, ਇਸ ਮਾਮਲੇ ਸਬੰਧੀ ਐੱਸਡੀਐੱਮ ਪਟਿਆਲਾ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਪੈਲੇਸ ਨੇੜੇ ਹਰ ਰੋਜ਼ ਹੁੰਦੇ ਰੋਸ ਪ੍ਰਦਰਸ਼ਨਾਂ ਤੇ ਧਰਨਿਆਂ ਕਾਰਨ ਸੁਰੱਖਿਆ ਦੇ ਪੱਖ ਤੋਂ ਸ਼ਹਿਰ ਦੀਆਂ ਕੁਝ ਸੜਕਾਂ ਬੰਦ ਰੱਖਣ ਲਈ ਪ੍ਰਸ਼ਾਸਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ।