ਖੇਤਰੀ ਪ੍ਰਤੀਨਿਧ
ਪਟਿਆਲਾ, 16 ਅਕਤੂਬਰ
ਭਾਰਤ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਨਹਿਰੂ ਯੁਵਾ ਕੇਂਦਰ ਪਟਿਆਲਾ ਵੱਲੋਂ ਸ਼ਹਿਰ ਸਣੇ 300 ਪਿੰਡਾਂ ਵਿੱਚ ਯੂਥ ਕਲੱਬਾਂ ਦੇ ਸਹਿਯੋਗ ਨਾਲ ਸਫਾਈ ਅਤੇ ਕਲੀਨ ਇੰਡੀਆ 2.0 ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਕੜੀ ਵਜੋਂ ਅੱਜ ਇਲਾਕੇ ਦੇ ਪਿੰਡ ਬਨੇਰਕਲਾਂ ਵਿਚ ਪਿੰਡ ਵਾਸੀਆਂ ਅਤੇ ਪਿੰਡ ਦੇ ਯੂਥ ਕਲੱਬ ਵੱਲੋਂ ਪਿੰਡ ਦੀ ਸਫ਼ਾਈ ਕਰਦਿਆਂ, ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਪਿੰਡ ਦੀ ਫਿਰਨੀ, ਟਿੱਲਾ ਬਾਬਾ ਫ਼ਰੀਦ ਅਤੇ ਪਿੰਡ ਦੀਆਂ ਗਲੀਆਂ ਵਿੱਚ ਸਫ਼ਾਈ ਕੀਤੀ ਗਈ। ਪਿੰਡ ਵਾਸੀਆਂ ਨੂੰ ਕਲੀਨ ਯੁਵਾ ਮੁਹਿੰਮ ਤਹਿਤ ਸਫ਼ਾਈ ਰੱਖਣ ਦੀ ਅਪੀਲ ਕੀਤੀ ਗਈ।
ਇਸ ਪ੍ਰੋਗਰਾਮ ਵਿੱਚ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਦੇ ਪ੍ਰਧਾਨ ਇੰਜੀ. ਆਕਰਸ਼ ਸ਼ਰਮਾ, ਸਕੱਤਰ ਇੰਜੀ. ਰੌਬਿਨ ਸਿੰਘ ਅਤੇ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਵੀ ਪੁੱਜੇ। ਪਿੰਡ ਬਨੇਰਕਲਾਂ ਦੇ ਸਮਾਜ ਸੇਵਕ ਗੁਰਪ੍ਰੀਤ ਗਿੱਲ ਵਲੋਂ ਵੀ ਯੋਗਦਾਨ ਦਿੱਤਾ ਗਿਆ। ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੇ ਸੰਸਥਾਪਕ ਰਾਜੇਸ਼ ਸ਼ਰਮਾ ਨੇ ਹਰ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦਾ ਟੀਚਾ ਮਿਥਣ ’ਤੇ ਜ਼ੋਰ ਦਿੱਤਾ।