ਪਟਿਆਲਾ (ਰਵੇਲ ਸਿੰਘ ਭਿੰਡਰ): ਵਿਧਾਇਕ ਨਵਜੋਤ ਸਿੰਘ ਸਿੱਧੂ ਭਾਵੇਂ ਕਿ ਹੁਣ ਵਜ਼ੀਰ ਨਹੀਂ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਵਜ਼ੀਰੀ ਦੌਰਾਨ ਇਤਿਹਾਸਕ ਸ਼ਹਿਰ ਪਟਿਆਲਾ ਦੀ ਪੁਰਾਤਨ ਵਿਰਾਸਤੀ ਦਿੱਖ ਦੀ ਮੁੜ ਬਹਾਲੀ ਲਈ ਹੋਏ ਯਤਨਾਂ ਨੂੰ ਅਖ਼ੀਰ ਬੂਰ ਪੈ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 25 ਅਕਤੂਬਰ ਨੂੰ ਪਟਿਆਲਾ ਫੇਰੀ ਦੌਰਾਨ ਸ਼ਾਹੀ ਸ਼ਹਿਰ ਦੀ ਪੁਰਾਤਨ ਵਿਰਾਸਤੀ ਦਿੱਖ ਦੀ ਮੁੜ ਬਹਾਲੀ ਲਈ ਇਤਿਹਾਸਕ ਕਿਲ੍ਹਾ ਮੁਬਾਰਕ ਦੇ ਆਲੇ-ਦੁਆਲੇ ਕਰੀਬ 43 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਵਿਰਾਸਤੀ ਗਲੀ ਦੀ ਉਸਾਰੀ ਦੀ ਸ਼ੁਰੂਆਤ ਕਰਨਗੇ। ਮੁੱਖ ਮੰਤਰੀ ਵੱਲੋਂ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਕੀਤੇ ਜਾ ਰਹੇ ਸ਼ਹਿਰ ਦੇ ਇਸ ਦੌਰੇ ਦੌਰਾਨ ਭਾਵੇਂ ਕਿ ਕਈ ਵਜ਼ੀਰ ਵੀ ਪਟਿਆਲਾ ਪਹੁੰਚ ਰਹੇ ਹਨ, ਪ੍ਰੰਤੂ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਬਾਹਰਲੇ ਵੀਆਈਪੀਜ਼ ਦੀ ਆਮਦ ਵਿੱਚ ਨਵਜੋਤ ਸਿੰਘ ਸਿੱਧੂ ਵੀ ਆਪਣੇ ਸ਼ਹਿਰ ਦੇ ਪ੍ਰੋਗਰਾਮਾਂ ’ਚ ਸ਼ਿਰਕਤ ਕਰਦੇ ਹਨ ਜਾਂ ਨਹੀ। ਸੂਤਰਾਂ ਮੁਤਾਬਿਕ ਵਿਰਾਸਤੀ ਗਲੀ ਦਾ ਮੁੱਢਲਾ ਪ੍ਰਾਜੈਕਟ ਸਿੱਧੂ ਦੇ ਬਤੌਰ ਸੈਰ ਸਪਾਟਾ ਮੰਤਰੀ ਕਾਰਜਕਾਲ ਦੌਰਾਨ ਵਿਉਂਤਿਆ ਗਿਆ ਸੀ ਤੇ ਦੂਜੀ ਗੱਲ ਇਹ ਨਵਜੋਤ ਸਿੱਧੂ ਦੇ ਆਪਣੇ ਜੱਦੀ ਸ਼ਹਿਰ ਦਾ ਮਾਮਲਾ ਹੈ। ਸ੍ਰੀ ਸਿੱਧੂ ਬਾਕਾਇਦਾ ਸੈਰ-ਸਪਾਟਾ ਮੰਤਰੀ ਦੌਰਾਨ ਸ਼ਾਹੀ ਕਿਲ੍ਹੇ ਦਾ ਦੌਰਾ ਕਰਕੇ ਗਏ ਸਨ ਤੇ ਵਿਰਾਸਤੀ ਗਲੀ ਦੀ ਉਸਾਰੀ ’ਤੇ ਉਨ੍ਹਾਂ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਸੀ। ਉਂਜ ਵਿਰਾਸਤੀ ਗਲੀ ਦੇ ਆਗਾਜ਼ ਸਬੰਧੀ ਸਿੱਧੂ ਨੂੰ ਸਰਕਾਰੀ ਤੌਰ ’ਤੇ ਸੱਦਿਆ ਗਿਆ ਹੈ ਜਾਂ ਨਹੀਂ ਇਹ ਗੱਲ ਹਾਲੇ ਸਾਫ਼ ਨਹੀਂ ਹੋ ਸਕੀ ਹੈ।