ਪੱਤਰ ਪ੍ਰੇਰਕ
ਪਟਿਆਲਾ, 1 ਨਵੰਬਰ
ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ (ਐੱਨਜ਼ੈੱਡਸੀਸੀ) ਦੇ ਸਹਿਯੋਗ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਅਤੇ ਕਲਾਕ੍ਰਿਤੀ ਪਟਿਆਲਾ ਦੇ ਸਾਂਝੇ ਉਦਮ ਨਾਲ 10 ਰੋਜ਼ਾ ਸਵਰਗੀ ਸ. ਪ੍ਰੀਤਮ ਸਿੰਘ ਓਬਰਾਏ ਨੈਸ਼ਨਲ ਥੀਏਟਰ ਫ਼ੈਸਟੀਵਲ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਦਾ ਉਦਘਾਟਨੀ ਸਮਾਗਮ ਕਲਾਕ੍ਰਿਤੀ ਵੱਲੋਂ ਪੇਸ਼ ਕੀਤੇ ਗਏ ਹਿੰਦੀ ਨਾਟਕ ‘ਦੀਵਾਰੇਂ’ ਨਾਲ ਸ਼ੁਰੂ ਹੋਇਆ। ਉਦਘਾਟਨੀ ਸਮਾਗਮ ਦੌਰਾਨ ਕਲਕੱਤਾ ਦੇ ਨੌਜਵਾਨ ਕਲਾਕਾਰਾਂ ਅਰੁਨਵਾ ਵਰਮਨ ਦੇ ਗਰੁੱਪ ਵੱਲੋਂ ਭਾਰਤ ਨਾਟਯਮ ਦੀ ਪੇਸ਼ਕਾਰੀ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੇ ਨ੍ਰਿਤ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਤੋਂ ਪਹਿਲਾਂ ਇਸ ਮੌਕੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ, ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਅਤੇ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਚੀਮਾ ਨੇ ਸਰਬੱਤ ਦਾ ਭਲਾ ਟਰੱਸਟ ਅਤੇ ਕਲਾਕ੍ਰਿਤੀ ਦੇ ਮੈਂਬਰਾਂ ਨਾਲ ਮਿਲ ਕੇ 10 ਰੋਜ਼ਾ ਨਾਟਕ ਮੇਲੇ ਦੀ ਜਯੋਤੀ ਪ੍ਰਚੰਡ ਕਰਕੇ ਸ਼ੁਰੂਆਤ ਕੀਤੀ। ਉਨ੍ਹਾਂ ਇਸ ਨਾਟਕ ਮੇਲੇ ਦੀ ਸਫ਼ਲਤਾ ਲਈ ਫ਼ੈਸਟੀਵਲ ਡਾਇਰੈਕਟਰ ਵਜੋਂ ਪਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ।
ਕਲਾਕ੍ਰਿਤੀ ਵੱਲੋਂ ਪੇਸ਼ ‘ਦੀਵਾਰੇਂ’ ਨਾਟਕ ਮੇਲੇ ਦੇ ਪਹਿਲੇ ਦਿਨ ਹੀ ਆਪਣੀ ਛਾਪ ਛੱਡ ਗਿਆ।