ਖੇਤਰੀ ਪ੍ਰਤੀਨਿਧ
ਪਟਿਆਲਾ, 16 ਮਈ
ਸਿਹਤ ਵਿਭਾਗ ਵੱਲੋਂ ਅੱਜ ਕੌਮੀ ਡੇਂਗੂ ਦਿਵਸ ਮੌਕੇ ‘ਡੇਂਗੂ ਰੋਕਥਾਮ ਯੋਗ ਹੈ, ਆਓ ਹੱਥ ਮਿਲਾਈਏ’ ਦੇ ਨਾਅਰੇ ਹੇਠ ਡੇਂਗੂ ਬੁਖ਼ਾਰ ਦੀ ਜਾਗਰੂਕਤਾ, ਰੋਕਥਾਮ ਅਤੇ ਪੀਣ ਵਾਲੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਇੰਟਰ ਸੈਕਟੋਰਲ ਮੀਟਿੰਗ ਅਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਡੇਂਗੂ ਵਿਰੋਧੀ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ। ਇਹ ਮੁਹਿੰਮ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ, ਸਾਡਾ ਪਟਿਆਲਾ ਬਣੇਗਾ ਡੇਂਗੂ ਮੁਕਤ’ ਤਹਿਤ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਟੈਸਟ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਏਡੀਜ਼ ਮੱਛਰ ਹੀ ਡੇਂਗੂ, ਚਿਕਨਗੁਨੀਆ ਅਤੇ ਜ਼ੀਕਾ ਵਾਇਰਸ ਲਈ ਜ਼ਿੰਮੇਵਾਰ ਹੈ। ਉਨ੍ਹਾਂ ਨੇ ਡੇਂਗੂ ਬੁਖਾਰ ਦੇ ਕਾਰਨਾਂ, ਲੱਛਣਾਂ, ਇਲਾਜ ਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ।
ਦੇਵੀਗੜ੍ਹ (ਪੱਤਰ ਪ੍ਰੇਰਕ): ਬਲਾਕ ਦੂਧਨਸਾਧਾਂ ਦੇ ਐੱਸਐੱਮਓ ਡਾ. ਪ੍ਰਸ਼ਾਂਤ ਗੌਤਮ ਦੀ ਅਗਵਾਈ ਹੇਠ ਸਿਹਤ ਬਲਾਕ ਦੂਧਨਸਾਧਾਂ ਵਿੱਚ ਕੌਮੀ ਡੇਂਗੂ ਜਾਗਰੂਕਤਾ ਦਿਵਸ ਮਨਾਇਆ, ਜਿਸ ਦੌਰਾਨ ਬਲਾਕ ਵਿਚ ਪੈਂਦੇ ਵੱਖ ਵੱਖ ਸਬ ਸੈਂਟਰਾਂ ਵਿਚ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਇਸ ਮੌਕੇ ਡਾ. ਜਸਪ੍ਰੀਤ ਸਿੰਘ ਭੱਟੀ ਨੇ ਦੱਸਿਆ ਕਿ ਡੇਂਗੂ ਬੁਖਾਰ ਕਾਰਨ, ਲੱਛਣਾਂ, ਇਲਾਜ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਖ਼ੁਦ ਅੰਦਰ ਡੇਂਗੂ ਦੇ ਲੱਛਣ ਨਜ਼ਰ ਆਉਂਦੇ ਹੋਣ ਤਾਂ ਨੇੜੇ ਦੇ ਹਸਪਤਾਲ ਨਾਲ ਸੰਪਰਕ ਕਰ ਸਕਦਾ ਹੈ। ਡੇਂਗੂ ਬੁਖਾਰ ਦਾ ਟੈਸਟ ਅਤੇ ਸਪੋਟਿਵ ਇਲਾਜ ਸੂਬੇ ਦਾ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾਂਦਾ ਹੈ।