ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਦਸੰਬਰ
ਇੱਥੇ ਪੋਲੋ ਗਰਾਊਂਡ ਦੇ ਇਨਡੋਰ ਸਟੇਡੀਅਮ ਵਿੱਚ ਕੌਮੀ ਪੱਧਰ ਦੇ ਕੋਰਫਬਾਲ ਮੁਕਾਬਲਿਆਂ ਦਾ ਉਦਘਾਟਨੀ ਮੈਚ ਪੰਜਾਬ ਅਤੇ ਪੁੱਡੂਚੇਰੀ ਵਿਚਾਲੇ ਹੋਇਆ, ਜਿਸ ਨੂੰ ਪੰਜਾਬ ਨੇ 14-3 ਦੇ ਫ਼ਰਕ ਨਾਲ ਜਿੱਤਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਐੱਸਪੀ ਸਿੰਘ ਓਬਰਾਏ ਨੇ ਸ਼ਿਰਕਤ ਕੀਤੀ। ਕੋਰਫਬਾਲ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਬਿਕਰਮ ਜੀਤ ਸਿੰਘ ਬਰਾੜ ਨੇ ਯਕੀਨ ਦਿਵਾਇਆ ਕਿ ਉਹ ਕੋਰਫਬਾਲ ਦੇ ਪ੍ਰਸਾਰ ਅਤੇ ਵਿਕਾਸ ਲਈ ਵਚਨਬੱਧ ਹਨ। ਸਕੱਤਰ ਪ੍ਰਦੀਪ ਕੁਮਾਰ ਟੋਪਲ ਨੇ ਪ੍ਰਧਾਨ ਬਿਕਰਮਜੀਤ ਸਿੰਘ ਬਰਾੜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਬਿਨਾਂ ਇਸ ਪ੍ਰਤੀਯੋਗਤਾ ਦਾ ਆਯੋਜਨ ਸੰਭਵ ਨਹੀਂ ਸੀ। ਇਸ ਮੌਕੇ ਕੋਰਫਬਾਲ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਿਮਾਂਸ਼ੂ ਮਿਸ਼ਰਾ ਨੇ ਕੋਰਫਬਾਲ ਐਸੋਸੀਏਸ਼ਨ ਆਫ਼ ਪੰਜਾਬ ਦੇ ਯਤਨਾ ਦੀ ਤਾਰੀਫ਼ ਕੀਤੀ। ਡਾ. ਓਬਰਾਏ ਨੇ ਕੋਰਫਬਾਲ ਐਸੋਸੀਏਸ਼ਨ ਲਈ ਸਵਾ ਲੱਖ ਰੁਪਏ ਅਤੇ ਟੂਰਨਾਮੈਂਟ ਖੇਡਣ ਆਏ ਤਕਰੀਬਨ 500 ਖਿਡਾਰੀਆਂ ਲਈ 500 ਰੁਪਏ ਹਰੇਕ ਖਿਡਾਰੀ ਨੂੰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਡਾ. ਦਇਆਇੰਦਰ ਸਿੰਘ ਸਿੱਧੂ, ਰਾਜੇਸ਼ ਧੀਮਾਨ, ਵਰਿੰਦਰ ਸਿੰਘ ਬਰਾੜ, ਡਾ. ਕਮਲਦੀਪ ਸਿੰਘ, ਡਾ. ਜਨਕ ਰਾਜ ਆਦਿ ਮੌਜੂਦ ਰਹੇ।
ਪੀਯੂ ਆਲ ਇੰਡੀਆ ’ਵਰਸਿਟੀ ਮੁਕਾਬਲਿਆਂ ਲਈ ਕੁਆਲੀਫਾਈ
ਪੰਜਾਬੀ ਯੂਨੀਵਰਸਿਟੀ ’ਚ ਚੱਲ ਰਹੇ ਉੱਤਰ ਭਾਰਤੀ ਅੰਤਰਵਰਸਿਟੀ ਫੁੱਟਬਾਲ ਖੇਡ ਮੁਕਾਬਲਿਆਂ ਦੇ ਕੁਆਰਟਰ ਫਾਈਨਲ ਮੈਚਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਨੇ 29ਵੇਂ ਸਾਲ ਵੀ ਸਰਬ ਭਾਰਤੀ ਅੰਤਰਵਰਸਿਟੀ ਮੁਕਾਬਲਿਆਂ ਲਈ ਕੁਆਲੀਫ਼ਾਈ ਕਰ ਲਿਆ ਹੈ। ਪਿਛਲੇ 28 ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਸੀਨੀਅਰ ਕੋਚ ਅਤੇ ਸਹਾਇਕ ਨਿਰਦੇਸ਼ਕ ਖੇਡਾਂ ਡਾ. ਦਲਬੀਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਸਰਬ ਭਾਰਤੀ ਅੰਤਰਵਰਸਿਟੀ ਮੁਕਾਬਲਿਆਂ ਲਈ ਕੁਆਲੀਫ਼ਾਈ ਕਰਦੀ ਆ ਰਹੀ ਹੈ ਅਤੇ ਇਸ ਸਿਲਸਿਲੇ ਨੂੰ ਬਾਦਸਤੂਰ ਜਾਰੀ ਰੱਖਦਿਆਂ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਇਸ ਸਾਲ ਵੀ 29ਵੀਂ ਵਾਰ ਸਫਲਤਾ ਪ੍ਰਾਪਤ ਕੀਤੀ ਹੈ। ਅੱਜ ਹੋਏ ਕੁਆਰਟਰ ਫਾਈਨਲ ਮੈਚਾਂ ਵਿਚ ਪਹਿਲੇ ਮੈਚ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਮੇਠੀ ਯੂਨੀਵਰਸਿਟੀ ਨੋਇਡਾ ਉੱਤਰ ਪ੍ਰਦੇਸ਼ ਨੂੰ 3-1 ਨਾਲ ਹਰਾਇਆ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸੀ.ਟੀ.ਯੂਨੀਵਰਸਿਟੀ ਲੁਧਿਆਣਾ ਨੂੰ 2-0 ਦੇ ਗੋਲਾਂ ਨਾਲ ਹਰਾਇਆ।