ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਅਪਰੈਲ
ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਨੇ ਬਲਾਕ ਸਮਿਤੀ ਭੁੱਨਰਹੇੜੀ ਅਤੇ ਪੰਚਾਇਤ ਦੇਵੀਨਗਰ/ਸਵਾਏ ਸਿੰਘ ਵਾਲਾ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਪ੍ਰਦਾਨ ਕੀਤਾ ਹੈ। ਇਸ ਤਹਿਤ ਬਲਾਕ ਸਮਿਤੀ ਭੁੱਨਰਹੇੜੀ ਨੂੰ ਪੁਰਸਕਾਰ ਅਤੇ 25 ਲੱਖ ਰੁਪਏ ਦੀ ਰਾਸ਼ੀ ਮਿਲੇਗੀ। ਜਦਕਿ ਦੇਵੀਨਗਰ ਪੰਚਾਇਤ ਨੂੰ ਵੀ ਪੁਰਸਕਾਰ ਤੇ ਗ੍ਰਾਂਟ ਦਿੱਤੀ ਜਾਵੇਗੀ। ਇਹ ਪੁੁਰਸਕਾਰ ਦੋਵਾਂ ਸੰਸਥਾਵਾਂ ਨੂੰ ਅੱਜ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿੱਚ ਕਰਵਾਏ ਗਏ ਵਰਚੂਅਲ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ। ਇਸ ਦੌਰਾਨ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੀ ਮੌਜੂਦ ਸਨ। ਸਮਾਗਮ ਦੌਰਾਨ ਡੀਡੀਪੀਓ ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡਾਂ ਦਾ ਵਿਕਾਸ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਪੇਂਡੂ ਖੇਤਰਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾ ਰਿਹਾ ਹੈ। ਬਲਾਕ ਸਮਿਤੀ ਭੁਨਰਹੇੜੀ ਦੀ ਚੇਅਰਪਰਸਨ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਅਜਿਹੇ ਪੁਰਸਕਾਰ ਜਿਥੇ ਹੋਰ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ, ਉਥੇ ਹੀ ਇਲਾਕੇ ਦੀ ਪਛਾਣ ਕੌਮੀ ਪੱਧਰ ’ਤੇ ਬਣਾਉਣ ’ਚ ਸਹਾਈ ਹੁੰਦੇ ਹਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪੁਰਸਕਾਰ ਸਾਰਿਆਂ ਦੇ ਯਤਨਾਂ ਅਤੇ ਸਹਿਯੋਗ ਨਾਲ ਹੀ ਪ੍ਰਾਪਤ ਹੁੰਦੇ ਹਨ। ਸਮਾਗਮ ’ਚ ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਸਕੱਤਰ ਰੂਪ ਸਿੰਘ, ਭੁੱਨਰਹੇੜੀ ਦੇ ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ, ਦੇਵੀਨਗਰ/ਸਵਾਏ ਸਿੰਘ ਵਾਲਾ ਦੀ ਸਰਪੰਚ ਨਿਰਮਲ ਕੌਰ, ਪੰਚਾਇਤ ਸਕੱਤਰ ਹਰਵਿੰਦਰ ਸਿੰਘ, ਕੁਲਦੀਪ ਸਿੰਘ, ਹਰਿੰਦਰਜੀਤ ਸਿੰਘ, ਪੰਚ ਮੇਹਰ ਸਿੰਘ, ਲਖਮੀਰ ਸਿੰਘ, ਚਰਨਜੀਤ ਸਿੰਘ, ਜਸਵੀਰ ਸਿੰਘ, ਗੁਰਜੀਤ ਸਿੰਘ, ਜਸਵੀਰ ਕੌਰ, ਪਰਮਿੰਦਰ ਕੌਰ, ਸੁਪਰਡੈਂਟ ਗੁਰਦੇਵ ਸਿੰਘ, ਹਰਲਾਲ ਸਿੰਘ, ਸਿਵਾਨੀ ਜਿੰਦਲ ਅਤੇ ਸੰਦੀਪ ਕੌਰ ਮੌਜੂਦ ਸਨ।
ਆਪਣੇ ਹਲਕੇ ’ਤੇ ਫ਼ਖਰ ਮਹਿਸੂਸ ਹੋ ਰਿਹੈ: ਹੈਰੀਮਾਨ
ਉਧਰ ਇਹ ਪੁਰਸਕਾਰ ਵਿਜੇਤਾ ਦੋਵਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵਧਾਈ ਦਿੰਦਿਆਂ, ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹੈਰੀਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਲਈ ਮਾਣ ਵਾਲ਼ੀ ਗੱਲ ਹੈ ਕਿ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ਵਾਲ਼ੀਆਂ ਦੋਵੇਂ ਸੰਸਥਾਵਾਂ ਉਨ੍ਹਾਂ ਦੇ ਹਲਕੇ ਸਨੌਰ ਨਾਲ ਸਬੰਧਤ ਹਨ। ਹੈਰੀ ਮਾਨ ਦਾ ਕਹਿਣਾ ਸੀ ਕਿ ਇਸ ਸਬੰਧੀ ਦੋਵਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਇਲਾਕੇ ਵੱਲੋਂ ਵੀ ਸਨਮਾਨਤ ਕੀਤਾ ਜਾਵੇਗਾ।