ਮੁਖਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 13 ਸਤੰਬਰ
ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਖੇਤੀ ਸੁਧਾਰਾਂ ਦੇ ਨਾਂ ’ਤੇ ਲਿਆਂਦੇ ਗਏ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਾਉਣ ਲਈ 11 ਪ੍ਰਮੁੱਖ ਕਿਸਾਨ ਜਥੇਬੰਦੀਆਂ ਵੱਲੋਂ ਬਣਾਈ ਕਿਸਾਨ ਕੋਆਰਡੀਨੇਸ਼ਨ ਕਮੇਟੀ ਵੱਲੋਂ 15 ਸਤੰਬਰ ਨੂੰ ਰਾਜਪੁਰਾ ਨੇੜੇ ਨੈਸ਼ਨਲ ਹਾਈਵੇਅ ਨੂੰ 12 ਤੋਂ 2 ਵਜੇ ਤੱਕ ਕੀਤੇ ਜਾ ਰਹੇ ਜਾਮ ਨੂੰ ਕਾਮਯਾਬ ਕਰਨ ਲਈ ਜਿੱਥੇ ਪੰਜਾਬ ਦੇ ਸਾਰੇ ਪਿੰਡਾਂ ’ਚ ਕਿਸਾਨਾਂ ਨਾਲ ਕੋਆਰਡੀਨੇਸ਼ਨ ਕਮੇਟੀ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਪਿੰਡ ਦੇਵੀਨਗਰ ’ਚ ਕਿਸਾਨਾਂ ਦੀ ਭਰਵੀਂ ਮੀਟਿੰਗ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਬਜ਼ੁਰਗ ਕਿਸਾਨ ਨੇਤਾ ਸਤਨਾਮ ਸਿੰਘ ਬਹਿਰੂ ਨੇ ਕਿਸਾਨ ਮਾਰੂ ਆਰਡੀਨੈਂਸਾਂ ਬਾਰੇ ਕਿਸਾਨਾਂ ਨੂੰ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਖੇਤੀ ਕਾਰੋਬਾਰ ਨੂੰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਲਈ ਇਹ ਆਰਡੀਨੈਂਸ ਲੈ ਕੇ ਆਇਆ ਹੈ। ਜੇ ਪਾਰਲੀਮੈਂਟ ’ਚ ਆਰਡੀਨੈਂਸ ਪਾਸ ਹੋ ਜਾਂਦੇ ਹਨ ਤਾਂ ਸਮੁੱਚਾ ਮੰਡੀਕਰਨ ਡਗਮਗਾ ਜਾਵੇਗਾ ਤੇ ਕਿਸਾਨਾਂ ਦੀ ਜਿਣਸ ਕੌਡੀਆਂ ਦੇ ਭਾਅ ਲੁੱਟ ਲਈ ਜਾਵੇਗੀ। ਸ੍ਰੀ ਬਹਿਰੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਵਿਰੋਧੀ ਸਾਬਤ ਹੋਇਆ ਹੈ ਤੇ ਇਸ ਵੱਲੋਂ ਜਿਨੇ ਫੁਰਮਾਨ ਹੁਣ ਤੱਕ ਆਏ ਹਨ, ਸਭ ਲੋਕ ਵਿਰੋਧੀ ਹਨ।
ਭਵਾਨੀਗੜ੍ਹ (ਮੇਜਰ ਸਿੱਘ ਮੱਟਰਾਂ) ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਖੇਤੀ ਆਰਡੀਨੈਂਸਾਂ ਖ਼ਿਲਾਫ਼ 15 ਸਤੰਬਰ ਨੂੰ ਪੰਜਾਬ ਵਿੱਚ ਸੜਕਾਂ ’ਤੇ ਚੱਕਾ ਜਾਮ ਕਰਨ ਦੇ ਸੱਦੇ ਦਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਸਮਰਥਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਗੁਰਤੇਜ ਸਿੰਘ ਝਨੇੜੀ, ਇੰਦਰਜੀਤ ਸਿੰਘ ਤੂਰ, ਜਗਦੀਸ਼ ਸਿੰਘ ਬਲਿਆਲ, ਰਾਮ ਸਿੰਘ ਮੱਟਰਾਂ, ਧਨਮਿੰਦਰ ਸਿੰਘ ਭੱਟੀਵਾਲ, ਨਿਹਾਲ ਸਿੰਘ ਨੰਦਗੜ੍ਹ, ਹਰਜੀਤ ਸਿੰਘ ਬੀਟਾ, ਦਵਿੰਦਰ ਸਿੰਘ ਆਲੋਅਰਖ, ਜਸਵੀਰ ਸਿੰਘ ਹਨੀ ਢਾਬਾ, ਮਨਪ੍ਰੀਤ ਸਿੰਘ ਮੰਨਾ ਘਰਾਚੋਂ, ਹਰਜਿੰਦਰ ਸਿੰਘ ਗੋਗੀ ਚੰਨੋਂ ਅਤੇ ਕੁਲਵਿੰਦਰ ਭੱਟੀਵਾਲ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਆਰਡੀਨੈਂਸਾਂ ਕਿਸਾਨ, ਮਜ਼ਦੂਰ ਵਿਰੋਧੀ ਹਨ ਅਤੇ ਇਨ੍ਹਾਂ ਨਾਲ ਪੰਜਾਬ ਦੀ ਕਿਸਾਨੀ ਅਤੇ ਸਮੁੱਚੀ ਆਰਥਿਕਤਾ ਤਬਾਹ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਚੱਕਾ ਜਾਮ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸੇ ਦੌਰਾਨ ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ, ਰਾਜ ਸਿੰਘ ਖਾਲਸਾ ਆਦਿ ਨੇ ਕਿਹਾ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਨਾਲ-ਨਾਲ ਵਪਾਰੀ ਵਰਗ, ਦੁਕਾਨਦਾਰਾਂ ਤੇ ਆੜ੍ਹਤੀਆ ਲਈ ਵੀ ਬਹੁਤ ਘਾਤਕ ਸਾਬਿਤ ਹੋਣਗੇ।
ਆੜ੍ਹਤੀ ਵਰਗ ਖੇਤੀ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਕਿਸਾਨਾਂ ਦਾ ਸਾਥ ਦੇਵੇਗਾ: ਸਮਰਾ
ਧੂਰੀ (ਹਰਦੀਪ ਸਿੰਘ ਸੋਢੀ) ਆੜ੍ਹਤੀਆ ਐਸੋਸੀਏਸ਼ਨ ਧੂਰੀ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਦੀ ਮੀਟਿੰਗ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਮਗਰੋਂ ਜਗਤਾਰ ਸਿੰਘ ਸਮਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਵਿੱਚ ਆੜ੍ਹਤੀਆ ਵਰਗ ਆਪਣੇ ਕਰਮਚਾਰੀਆਂ ਸਮੇਤ ਕਿਸਾਨ ਜਥੇਬੰਦੀਆਂ ਨਾਲ ਖੜ੍ਹੇਗਾ ਤੇ 15 ਸਤੰਬਰ ਨੂੰ ਸਮੁੱਚੇ ਪੰਜਾਬ ’ਚ ਕਿਸਾਨ ਜਥੇਬੰਦੀਆਂ ਵੱਲੋਂ ਹਾਈਵੇਅ ਜਾਮ ਕਰਨ ਦੇ ਦਿੱਤੇ ਸੱਦੇ ’ਚ ਹੁੰਮ-ਹੁੰਮਾ ਕੇ ਸ਼ਮੂਲੀਅਤ ਕਰਦਿਆਂ ਸੜਕਾਂ ਜਾਮ ਕਰਨ ’ਚ ਕਿਸਾਨ ਜਥੇਬੰਦੀਆਂ ਦਾ ਸਾਥ ਦੇਵੇਗਾ। ਉਨ੍ਹਾਂ ਕਿਹਾ ਕਿ ਤਿੰਨੇ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਕਾਨੂੰਨ ਬਣਨ ਨਾਲ ਇਕੱਲੀ ਕਿਸਾਨੀ ਹੀ ਨਹੀਂ, ਸਗੋਂ ਆੜ੍ਹਤੀਆ ਵਰਗ, ਆੜ੍ਹਤੀਆਂ ਕੋਲ ਕੰਮ ਕਰਦੇ ਕਰਮਚਾਰੀ, ਗੱਲਾ ਲੇਬਰ ਸਮੇਤ ਹੋਰ ਵਰਗ ਵੀ ਪ੍ਰਭਾਵਿਤ ਹੋਣਗੇ ਤੇ ਦੇਸ਼ ਦਾ ਅਰਥਚਾਰਾ ਪ੍ਰਭਾਵਿਤ ਹੋਵੇਗਾ।