ਪੱਤਰ ਪ੍ਰੇਰਕ
ਰਾਜਪੁਰਾ, 27 ਜੁਲਾਈ
ਪਿੰਡ ਨਲਾਸ ਖੁਰਦ ਦੀ ਪੰਚਾਇਤ ’ਤੇ ਅਦਾਲਤੀ ਰੋਕ ਦੇ ਬਾਵਜੂਦ ਕਰੋੜਾਂ ਰੁਪਏ ਫੰਡ ਖਰਚਣ ਦਾ ਦੋਸ਼ ਲੱਗਿਆ ਹੈ। ਹੁਣ ਇਹ ਮਾਮਲਾ ਮੁੱਖ ਮੰਤਰੀ ਤੇ ਵਿਜੀਵੈਂਸ ਬਿਊਰੋ ਮੁਹਾਲੀ ਕੋਲ ਪੁੱਜ ਗਿਆ ਹੈ। ਪਿੰਡ ਦੇ ਵਸਨੀਕ ਸਵਰਨ ਸਿੰਘ, ਰਣਜੀਤ ਸਿੰਘ ਸੈਣੀ, ਅਮਨਦੀਪ ਸਿੰਘ, ਗੁਰਦੀਪ ਸਿੰਘ, ਸਰਬਜੀਤ ਸਿੰਘ, ਸਿਮਰਨਜੀਤ ਸਿੰਘ, ਵਿਕਰਮਜੀਤ ਸਿੰਘ, ਰਣਜੀਤ ਸਿੰਘ ਆਦਿ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਤੇ ਪੰਜਾਬ ਵਿਜੀਲੈਂਸ ਬਿਊਰੋ ਮੁਹਾਲੀ ਨੂੰ ਸ਼ਿਕਾਇਤ ਭੇਜ ਕੇ ਪਿੰਡ ਦੇ ਸਰਪੰਚ ਮੁਨਸ਼ੀ ਰਾਮ ਸਮੇਤ ਸਮੁੱਚੀ ਪੰਚਾਇਤ ’ਤੇ ਗੰਭੀਰ ਦੋਸ਼ ਲਗਾਏ ਹਨ। ਪਿੰਡ ਵਾਸੀਆਂ ਨੇ ਭੇਜੀ ਸ਼ਿਕਾਇਤ ਵਿੱਚ ਦੱਸਿਆ ਕਿ ਪਿੰਡ ਦੀ ਕਰੀਬ 149 ਏਕੜ ਪੰਚਾਇਤੀ ਜ਼ਮੀਨ ਪੰਜਾਬ ਸਰਕਾਰ ਵੱਲੋਂ ਇੱਕ ਦਹਾਕਾ ਪਹਿਲਾਂ ਕਾਰਪੋਰੇਟ ਸੈਕਟਰ ਲਈ ਐਕੁਆਇਰ ਕੀਤੀ ਗਈ ਸੀ। ਇਸ ਜ਼ਮੀਨ ਬਦਲੇ ਪਿੰਡ ਦੀ ਪੰਚਾਇਤ ਨੂੰ 55 ਕਰੋੜ 13 ਲੱਖ 20 ਹਜ਼ਾਰ 500 ਰੁਪਏ ਮੁਆਵਜ਼ੇ ਵਜੋਂ ਪ੍ਰਾਪਤ ਹੋਏ ਸਨ ਤੇ ਇਹ ਰਾਸ਼ੀ ਪਿੰਡ ਦੇ ਸਾਬਕਾ ਸਰਪੰਚ ਸਵਰਗੀ ਜਸਵੀਰ ਸਿੰਘ ਨੇ 2013 ’ਚ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਮਤਾ ਪਾਸ ਕੀਤਾ ਸੀ ਕਿ ਇਹ ਰਾਸ਼ੀ ਬੈਂਕ ਵਿੱਚ ਸੁਰੱਖਿਅਤ ਰੱਖੀ ਜਾਵੇਗੀ ਤੇ ਇਸ ਤੋਂ ਮਿਲਣ ਵਾਲੇ ਵਿਆਜ ਨਾਲ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਮਤੇ ਦੇ ਆਧਾਰ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਈ 2019 ਵਿੱਚ ਇਹ ਰਕਮ ਨਾ ਖਰਚਣ ਸਬੰਧੀ ਹੁਕਮ ਜਾਰੀ ਕੀਤਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਪੰਚ ਮੁਨਸ਼ੀ ਰਾਮ ਦੇ ਕਾਰਜਕਾਲ ਦੌਰਾਨ ਪੰਚਾਇਤ ਵੱਲੋਂ ਬੈਂਕ ਵਿੱਚ ਸੁਰੱਖਿਅਤ ਰੱਖੀ ਇਸ ਰਾਸ਼ੀ ਵਿੱਚੋਂ 15 ਕਰੋੜ ਰੁਪਏ ਕਢਵਾ ਕੇ ਖਰਚ ਕਰ ਦਿੱਤੇ ਗਏ। ਜੋ ਅਦਾਲਤੀ ਹੁਕਮਾਂ ਦੀ ਉਲੰਘਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਪਣੇ ਕਾਰਜਕਾਲ ਦੌਰਾਨ ਸਰਪੰਚ ਮੁਨਸ਼ੀ ਰਾਮ ਨੇ ਪਿੰਡ ਜੰਗਪੁਰਾ ਨੇੜੇ ਬਨੂੜ, ਰਾਜਪੁਰਾ ਦੇ ਨਲਾਸ ਰੋਡ ਤੇ ਕਲੌਲੀ ਬਨੂੜ ਰੋਡ ’ਤੇ ਕੋਰੜਾਂ ਰੁਪਏ ਦੀ ਜਾਇਦਾਦ ਖਰੀਦੀ ਹੈ। ਜਦੋਂਕਿ ਉਸ ਦੇ ਪਰਿਵਾਰ ਕੋਲ ਆਮਦਨ ਦੇ ਬਹੁਤੇ ਸਾਧਨ ਨਹੀਂ। ਇਸ ਤੋਂ ਇਲਾਵਾ ਪੰਚਾਇਤ ਵੱਲੋਂ ਕਰੋੜਾਂ ਰੁਪਏ ਫੰਡ ਦੀ ਦੁਰਵਰਤੋਂ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਤੇ ਵਿਜੀਲੈਂਸ ਬਿਊਰੋ ਪਾਸੋਂ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਪਿੰਡ ਦੇ ਸਰਪੰਚ ਨੇ ਦੋਸ਼ਾਂ ਨੂੰ ਝੁਠਲਾਇਆ
ਇਸ ਸਬੰਧੀ ਸੰਪਰਕ ਕਰਨ ’ਤੇ ਪਿੰਡ ਦੇ ਸਰਪੰਚ ਮੁਨਸ਼ੀ ਰਾਮ ਨੇ ਪਿੰਡ ਵਾਸੀਆਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦੀ ਪੰਚਾਇਤ ਨੂੰ ਤਾਂ ਪਿਛਲੀ ਪੰਚਾਇਤ ਨੇ ਅਜੇ ਤੱਕ ਫੰਡਾਂ ਦਾ ਕੋਈ ਹਿਸਾਬ ਹੀ ਨਹੀਂ ਦਿੱਤਾ ਅਤੇ ਉਸ ’ਤੇ ਕਰੋੜਾਂ ਰੁਪਏ ਦੀ ਜਾਇਦਾਦ ਖਰੀਦਣ ਦੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਉਸ ਨੇ ਆਪਣੀ ਪਰਿਵਾਰਕ ਆਮਦਨ ਤੋਂ ਕੇਵਲ ਬਨੂੜ ਨੇੜੇ 9 ਲੱਖ ਰੁਪਏ ਵਿੱਚ ਇੱਕ ਵਿੱਘਾ ਜ਼ਮੀਨ ਖਰੀਦੀ ਹੈ।