ਸ਼ਾਹਬਾਜ਼ ਸਿੰਘ
ਘੱਗਾ, 15 ਮਈ
ਨਗਰ ਪੰਚਾਇਤ ਘੱਗਾ ਵਿਚ ਨੌਕਰੀ ਦੇਣ ਦੇ ਨਾਂ ਉਤੇ ਪੈਸੇ ਠੱਗੇ ਜਾਣ ਦਾ ਮਾਮਲਾ ਤੇਜ਼ ਹੋ ਗਿਆ ਹੈ। ਇਸ ਸਬੰਧੀ ਇਕ ਵਰਕਰ ਮਗਰੋਂ ਦੂਜੇ ਵਰਕਰ ਨੇ ਵੀ ਨਗਰ ਪੰਚਾਇਤ ਪ੍ਰਧਾਨ ਖਿਲਾਫ਼ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ।
ਐਸ ਐਸ ਪੀ ਪਟਿਆਲਾ ਨੂੰ ਲਿਖੇ ਸ਼ਿਕਾਇਤ ਪੱਤਰ ਵਿਚ ਨਗਰ ਪੰਚਾਇਤ ਦੇ ਸੇਵਾਦਾਰ ਗਗਨਦੀਪ ਸਿੰਘ ਨੇ ਕਿਹਾ ਹੈ ਕਿ ਨਗਰ ਪੰਚਾਇਤ ਦੀ ਪ੍ਰਧਾਨ ਜਸਬੀਰ ਕੌਰ ਖੰਗੂੜਾ ਅਤੇ ਉਸ ਦੇ ਪਤੀ ਹਰਜਿੰਦਰ ਸਿੰਘ ਨਾਲ ਦੋ ਸਾਲ ਪਹਿਲਾਂ ਉਸ ਨੂੰ ਨਗਰ ਪੰਚਾਇਤ ਵਿਚ ਪੱਕਾ ਕਰਨ ਲਈ ਚਾਰ ਲੱਖ ਰੁਪਏ ਦੀ ਗੱਲਬਾਤ ਤੈਅ ਹੋਈ ਸੀ ਜਿਸ ਵਿਚੋਂ 2 ਲੱਖ ਰੁਪਏ ਕਥਿਤ ਜਸਬੀਰ ਕੌਰ ਖੰਗੂੜਾ ਅਤੇ ਉਸ ਦੇ ਪਤੀ ਹਰਜਿੰਦਰ ਸਿੰਘ ਨੂੰ ਮੌਕੇ ਉਤੇ ਦੇ ਦਿੱਤੇ ਗਏ ਜਦਕਿ ਬਾਕੀ ਦੋ ਲੱਖ ਪੱਕੇ ਹੋਣ ਉਪਰੰਤ ਦੇਣ ਦੀ ਗੱਲ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਉਸ ਨੂੰ ਨਗਰ ਪੰਚਾਇਤ ਵਿਚ ਕਲਰਕ ਲਾਉਣ ਦੀ ਗੱਲ ਹੋਈ ਸੀ ਪਰ ਸੇਵਾਦਾਰ ਦਾ ਕੰਮ ਲੈਣ ਮਗਰੋਂ ਪੂਰੀ ਤਨਖਾਹ ਨਹੀਂ ਦਿੱਤੀ ਗਈ। ਉਸ ਨੇ ਕਿਹਾ ਜਸਬੀਰ ਕੌਰ ਖੰਗੂੜਾ ਨੇ ਉਸ ਨੂੰ ਦੱਸਿਆ ਕਿ ਉਸ ਦਾ ਕੇਸ ਮਹਿਕਮੇ ਨੂੰ ਭੇਜ ਦਿੱਤਾ ਹੈ ਪਰ ਦੋ ਸਾਲ ਬੀਤ ਜਾਣ ਉਤੇ ਉਸ ਨੇ ਜਦੋਂ ਗੱਲ ਕੀਤੀ ਤਾਂ ਜਸਬੀਰ ਕੌਰ ਖੰਗੂੜਾ ਅਤੇ ਉਸ ਦੇ ਪਤੀ ਹਰਜਿੰਦਰ ਸਿੰਘ ਨੇ ਕਥਿਤ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਨਗਰ ਪੰਚਾਇਤ ਵਿਚ ਕੰਮ ਚੁੱਕੇ ਇਕ ਹੋਰ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਨਗਰ ਪੰਚਾਇਤ ਵਿਚ ਉਹ ਮੋਟੀਵੇਟਰ ਲੱਗਾ ਸੀ ਪਰ ਪ੍ਰਧਾਨ ਜਸਬੀਰ ਕੌਰ ਖੰਗੂੜਾ ਨੇ ਉਸ ਨੂੰ ਨਗਰ ਪੰਚਾਇਤ ਵਿਚ ਚਪੜਾਸੀ ਲਾਏ ਜਾਣ ਦਾ ਕਥਿਤ ਝਾਂਸਾ ਦੇ ਕੇ ਇਕ ਲੱਖ, ਪੱਚੀ ਹਜ਼ਾਰ ਰੁਪਏ ਠੱਗ ਲਏ ਅਤੇ ਚਾਰ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਏ। ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਦੇ ਪੈਸੇ ਵਾਪਸ ਕਰਵਾਏ ਜਾਣ ਅਤੇ ਪ੍ਰਧਾਨ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਦੋਹਾਂ ਧਿਰਾਂ ਦੇ ਬਿਆਨ ਲਏ ਜਾਣਗੇ: ਐੱਸਐੱਚਓ
ਪੁਲੀਸ ਕੋਲ ਆਈਆਂ ਇਨ੍ਹਾਂ ਸ਼ਿਕਾਇਤਾਂ ਦੀ ਪੁਸ਼ਟੀ ਕਰਦਿਆਂ ਐਸਐਚਓ ਘੱਗਾ ਅਜੈ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਾਂ ਆਈਆਂ ਹਨ ਅਤੇ ਦੋਹਾਂ ਧਿਰਾਂ ਦੇ ਬਿਆਨ ਲਏ ਜਾਣਗੇ।
ਨਗਰ ਪੰਚਾਇਤ ਪ੍ਰਧਾਨ ਨੇ ਦੋਸ਼ਾਂ ਨੂੰ ਨਕਾਰਿਆ਼
ਇਸ ਸਬੰਧੀ ਨਗਰ ਪੰਚਾਇਤ ਪ੍ਰਧਾਨ ਜਸਬੀਰ ਕੌਰ ਖੰਗੂੜਾ ਅਤੇ ਉਸ ਦੇ ਪਤੀ ਹਰਜਿੰਦਰ ਸਿੰਘ ਨੇ ਦੋਸ਼ਾਂ ਨੂੰ ਬੇਬੁਨਿਆਦ ਕਿਹਾ ਹੈ।