ਪੱਤਰ ਪ੍ਰੇਰਕ
ਘੱਗਾ ,15 ਜੂਨ
ਵਿਧਾਨ ਸਭਾ ਹਲਕਾ ਸ਼ੁਤਰਾਣਾ ਅਧੀਨ ਆਉਂਦੀ ਨਗਰ ਪੰਚਾਇਤ ਘੱਗਾ ਦੀ ਪ੍ਰਧਾਨ ਜਸਬੀਰ ਕੌਰ ਖੰਗੂੜਾ ਖ਼ਿਲਾਫ਼ ਕਸਬੇ ਦੇ ਵਿਕਾਸ ਕਾਰਜਾਂ ਵੱਲ ਧਿਆਨ ਨਾ ਦੇਣ ਅਤੇ ਨੌਕਰੀ ਦਿਵਾਉਣ ਲਈ ਕਥਿਤ ਤੌਰ ਉੱਤੇ ਪੈਸੇ ਲੈਣ ਦੇ ਲੱਗੇ ਦੋਸ਼ਾਂ ਮਗਰੋਂ ਕੌਂਸਲਰਾਂ ਵੱਲੋਂ ਬੇਭਰੋਸਗੀ ਮਤਾ ਪਾਇਆ ਗਿਆ ਹੈ। ਕੌਂਸਲਰਾਂ ਵੱਲੋਂ ਇਸ ਦੀ ਸੂਚਨਾ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਦਿੱਤੇ ਜਾਣ ਉਪਰੰਤ ਅਗਲੇਰੀ ਕਾਰਵਾਈ ਲਈ ਮੀਟਿੰਗ ਸੱਦੇ ਜਾਣ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਨਗਰ ਪੰਚਾਇਤ ਘੱਗਾ ਦੇ 13 ਵਾਰਡ ਹਨ। ਇਨ੍ਹਾਂ ਵਿੱਚ ਜਿੱਤੇ ਗਿਆਰਾਂ ਕੌਂਸਲਰਾਂ ਨੇ ਪ੍ਰਧਾਨ ਜਸਬੀਰ ਕੌਰ ਖੰਗੂੜਾ ਖਿਲਾਫ਼ ਬੇਭਰੋਸਗੀ ਮਤੇ ਉੱਤੇ ਦਸਤਖਤ ਕੀਤੇ ਹਨ। ਇਕ ਕੌਂਸਲਰ ਬਾਹਰ ਹੋਣ ਕਾਰਨ ਆਪਣੇ ਦਸਤਖਤ ਨਹੀਂ ਕਰ ਸਕਿਆ। ਜਦੋਂ ਕਿ ਉਕਤ ਮਹਿਲਾ ਕੌਂਸਲਰ ਦਾ ਪਤੀ ਮੀਟਿੰਗ ਵਿੱਚ ਹਾਜ਼ਰ ਸੀ। ਨਗਰ ਕੌਂਸਲ ਪ੍ਰਧਾਨ ਖਿਲਾਫ਼ ਪੇਸ਼ ਬੇਭਰੋਸਗੀ ਮਤੇ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਪ੍ਰਧਾਨ ਨਰੇਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਪ੍ਰਧਾਨ ਜਸਬੀਰ ਕੌਰ ਖੰਗੂੜਾ ਵੱਲੋਂ ਪਿਛਲੇ ਕਰੀਬ ਪੰਜ ਛੇ ਮਹੀਨਿਆਂ ਤੋਂ ਕਸਬੇ ਦੇ ਵਿਕਾਸ ਕਾਰਜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਇਸ ਸਮੇਂ ਦੌਰਾਨ ਨਗਰ ਪੰਚਾਇਤ ਦੀ ਕੋਈ ਮੀਟਿੰਗ ਬੁਲਾਈ ਗਈ ਹੈ। ਕਸਬੇ ਦੇ ਲੋਕ ਆਪਣੇ ਕੰਮਾਕਾਰਾਂ ਲਈ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਪ੍ਰਧਾਨ ਨੂੰ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਮੀਟਿੰਗ ਬੁਲਾ ਕੇ ਬਹੁਮਤ ਸਾਬਤ ਕਰਨਾ ਹੋਵੇਗਾ।
ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਘੱਗਾ ਦੀ ਪ੍ਰਧਾਨ ਜਸਬੀਰ ਕੌਰ ਖੰਗੂੜਾ ਖਿਲਾਫ ਕਮੇਟੀ ਮੁਲਾਜ਼ਮਾਂ ਤੋਂ ਨੌਕਰੀ ਦੇਣ ਦੇ ਮਾਮਲੇ ਵਿਚ ਕਥਿਤ ਪੈਸੇ ਲੈਣ ਦੇ ਦੋਸ਼ਾਂ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਮਤਾ ਅਗਲੇਰੀ ਕਾਰਵਾਈ ਲਈ ਭੇਜਿਆ : ਕਾਰਜਸਾਧਕ ਅਫਸਰ
ਨਗਰ ਪੰਚਾਇਤ ਘੱਗਾ ਦੀ ਕਾਰਜਸਾਧਕ ਅਫਸਰ (ਵਾਧੂ ਚਾਰਜ) ਬਲਜਿੰਦਰ ਕੌਰ ਨੇ ਕੌਂਸਲਰਾਂ ਵੱਲੋਂ ਪੇਸ਼ ਬੇਭਰੋਸਗੀ ਮਤੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਤੇ ਦੀ ਕਾਪੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਅਗਲੇਰੀ ਕਾਰਵਾਈ ਹਿੱਤ ਭੇਜੀ ਜਾ ਰਹੀ ਹੈ।