ਖੇਤਰੀ ਪ੍ਰਤੀਨਿਧ
ਪਟਿਆਲਾ, 2 ਜੂਨ
ਨਗਰ ਪੰਚਾਇਤ ਭਾਦਸੋਂ ਦੇ ਕਾਂਗਰਸੀ ਪ੍ਰਧਾਨ ਚੁੰਨੀ ਲਾਲ ਨੂੰ ਬੇਭਰੋਸਗੀ ਦੇ ਮਤੇ ਦੇ ਚੱਲਦਿਆਂ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਕਿਉਂਕਿ ਉਲੀਕੇ ਪ੍ਰੋਗਰਾਮ ਤਹਿਤ ਸੱਦੀ ਮੀਟਿੰਗ ਦੌਰਾਨ ਸ੍ਰੀ ਚੁੰਨੀ ਲਾਲ ਬਹੁਮਤ ਸਾਬਤ ਕਰਨ ’ਚ ਅਸਫਲ ਰਹੇ ਕਿਉਂਕਿ ਹਲਕਾ ਵਿਧਾਇਕ ਸਮੇਤ ਇਸ ਨਗਰ ਪੰਚਾਇਤ ਦੇ ਕੁੱਲ ਬਾਰਾਂ ਮੈਂਬਰਾਂ ਵਿੱਚੋਂ ਅੱਠ ਨੇ ਅੱਜ ਪ੍ਰਧਾਨ ਦੇ ਖ਼ਿਲਾਫ਼ ਵੋਟ ਪਾਈ।
ਪਿਛਲੀ ਕਾਂਗਰਸ ਸਰਕਾਰ ਦੌਰਾਨ ਜਦੋਂ ਉਹ ਇਸ ਵਕਾਰੀ ਅਹੁਦੇ ’ਤੇ ਬਿਰਾਜਮਾਨ ਹੋਏ ਸਨ, ਤਾਂ ਉਨ੍ਹਾਂ ਸਮੇਤ 11 ਵਿੱਚੋਂ ਕਾਂਗਰਸ ਦੇ ਸੱਤ ਕੌਂਸਲਰ ਸਨ। ਉਦੋਂ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸਾਧੂ ਸਿੰਘ ਧਰਮਸੋਤ ਸਨ ਜਿਸ ਦੇ ਚਲਦਿਆਂ ਹਲਕਾ ਵਿਧਾਇਕ ਵਜੋਂ ਉਨ੍ਹਾਂ ਦੀ ਵੀ ਵੋਟ ਹੋਣ ਦੇ ਨਾਤੇ ਚੁੰਨੀ ਲਾਲ ਦੇ ਹੱਕ ਵਿੱਚ ਅੱਠ ਵੋਟਾਂ ਪਈਆਂ ਸਨ ਪਰੰਤੂ ਹੁਣ ਬਦਲੇ ਨਿਜ਼ਾਮ ’ਚ ਗਿਆਰਾਂ ਵਿੱਚੋਂ 7 ਮੈਂਬਰ ਉਨ੍ਹਾਂ ਦੇ ਖ਼ਿਲਾਫ਼ ਭੁਗਤੇ। ਉਂਜ ਨਾਭਾ ਵਿਧਾਨ ਸਭਾ ਹਲਕੇ ਤੋਂ ਆਪ ਵਿਧਾਇਕ ਦੇਵ ਮਾਨ ਦੀ ਵੋਟ ਵੀ ਚੁੰਨੀ ਲਾਲ ਦੇ ਖ਼ਿਲਾਫ਼ ਭੁਗਤੀ। ਕਿਉਂਕਿ ਹਲਕਾ ਵਿਧਾਇਕ ਵੀ ਅਧਿਕਾਰਤ ਮੈਂਬਰ ਹਨ। ਇਸ ਤਰ੍ਹਾਂ ਚੁੰਨੀ ਲਾਲ ਦੇ ਨਾਲ ਸਿਰਫ 3 ਕੌਂਸਲਰ ਹੀ ਖੜ੍ਹੇ। ਚੌਥੀ ਉਨ੍ਹਾਂ ਦੀ ਆਪਣੀ ਵੋਟ ਰਹੀ। ਇਸ ਦੇ ਚੱਲਦਿਆਂ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨਗਰ ਪੰਚਾਇਤ ਭਾਦਸੋਂ ਤੇ ਹੁਣ ਆਪ ਵੱਲੋਂ ਨਵਾਂ ਪ੍ਰਧਾਨ ਥਾਪੇ ਜਾਣ ਲਈ ਰਾਹ ਪੱਧਰਾ ਹੋ ਗਿਆ ਹੈ।