ਖੇਤਰੀ ਪ੍ਰਤੀਨਿਧ
ਪਟਿਆਲਾ, 29 ਜੂਨ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ ਆਗਮਨ ਪੁਰਬ ਮੌਕੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠਾਂ ਨਿਕਲੇ ਨਗਰ ਕੀਰਤਨ ਦੀ ਆਰੰਭਤਾ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਵੱਲੋਂ ਕੀਤੀ ਗਈ ਅਰਦਾਸ ਨਾਲ ਹੋਈ।
ਮੈਨੇਜਰ ਗੁਰਲਾਲ ਸਿੰਘ ਨਲੀਨੀ ਦੀ ਦੇਖ-ਰੇਖ ਹੇਠ ਹੋਏ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਵੀ ਪੁੱਜੇ। ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਵਿਖਾਏ। ਪ੍ਰੋ. ਬਡੂੰਗਰ ਨੇ ਸੰਗਤਾਂ ਨੂੰ ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਗੁਰੂ ਸਾਹਿਬ ਦੀ ਬਾਣੀ ਨੂੰ ਆਪਣੇ ਹਿਰਦਿਆਂ ’ਚ ਵਸਾਉਣ ਲਈ ਪ੍ਰੇਰਿਆ। ਇਸ ਮੌਕੇ ਸਾਬਕਾ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦਿੱਲੀ ਜਾ ਕੇ ਸ਼ਹੀਦੀ ਪਾਉਣ ਤੋਂ ਪਹਿਲਾਂ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਚੱਲ ਕੇ ਇਸ ਪਾਵਨ ਅਸਥਾਨ ’ਤੇ ਠਹਿਰੇ ਸਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੈਨੇਜਰ ਨੱਥਾ ਸਿੰਘ, ਨੌਜਵਾਨ ਆਗੂ ਬਲਵਿੰਦਰ ਸਿੰਘ ਦੌਣਕਲਾਂ, ਬਾਬਾ ਸੋਹਣ ਸਿੰਘ ਕਾਰਸੇਵਾ ਵਾਲੇ, ਬਾਬਾ ਭੁਪਿੰਦਰ ਸਿੰਘ ਤੇ ਹੋਰ ਪਤਵੰਤੇ ਮੌਜੂਦ ਸਨ।