ਰਵੇਲ ਸਿੰਘ ਭਿੰਡਰ
ਪਟਿਆਲਾ 17 ਅਪਰੈਲ
400 ਸਾਲਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਨੂੰ ਸਮਰਪਿਤ ਖਾਲਸਾ ਸ਼ਤਾਬਦੀ ਕਮੇਟੀ ਅਤੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਗੁਰੂ ਮਹਾਰਾਜ ਦਾ ਸਰੂਪ ਅਦਬ ਅਤੇ ਸਤਿਕਾਰ ਨਾਲ ਪਾਲਕੀ ਸਾਹਿਬ ’ਚ ਸੁਸ਼ੋਭਿਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਅਰਦਾਸ ਉਪਰੰਤ ਰਵਾਨਾ ਕੀਤਾ ਗਿਆ। ਨਗਰ ਕੀਰਤਨ ਦੀ ਆਰੰਭਤਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਕੀਤੀ ਗਈ ਅਰਦਾਸ ਉਪਰੰਤ ਹੋਈ। ਇਸ ਮੌਕੇ ਉਚੇਚੇ ਤੌਰ ’ਤੇ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸਿੱਖ ਸਭਾਵਾਂ ਸੁਸਾਇਟੀਆਂ ਤੋਂ ਇਲਾਵਾ ਗੱਤਕਾ ਪਾਰਟੀਆਂ ਨੇ ਵੀ ਗੱਤਕੇ ਦੇ ਜੌਹਰ ਵਿਖਾਏ। ਇਸ ਮੌਕੇ ਅੰਤਰਿੰਗ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸ਼ਿਵੰਦਰ ਸਿੰਘ ਸੱਭਰਵਾਲ, ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆ ਵਾਲਿਆਂ ਤੋਂ ਇਲਾਵਾ ਜਥੇਦਾਰ ਬਾਬਾ ਬਲਬੀਰ ਸਿੰਘ ਬੁੱਢਾ ਦਲ ਦੀ ਅਗਵਾਈ ’ਚ ਨਿਹੰਗਾਂ ਸਿੰਘਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੌਰਾਨ ਸਾਬਕਾ ਹੈੱਡ ਗ੍ਰੰਥੀ ਭਾਈ ਸੁਖਦੇਵ ਸਿੰਘ, ਹੈੱਡ ਗ੍ਰੰਥੀ ਭਾਈ ਹਰਵਿੰਦਰ ਸਿੰਘ ਤੋਂ ਇਲਾਵਾ ਅਕਾਲੀ ਆਗੂਆਂ ਅਤੇ ਹੋਰ ਧਾਰਮਿਕ ਹਸਤੀਆਂ ਸ਼ਾਮਲ ਹੋਈਆਂ। ਨਗਰ ਕੀਰਤਨ ਮੌਕੇ ਖਾਲਸਾ ਸ਼ਤਾਬਦੀ ਕਮੇਟੀ ਦੇ ਪ੍ਰਧਾਨ ਹਰਮਿੰਦਰਪਾਲ ਸਿੰਘ ਵਿੰਟੀ ਨੇ ਦੱਸਿਆ ਕਿ ਨਗਰ ਕੀਰਤਨ ਬਾਰਨ, ਸਰਹਿੰਦ,ਗੋਬਿੰਦਗੜ੍ਹ ਸਮਰਾਲਾ ਚੌਕ, ਗੁਰਦੁਆਰਾ ਅਰਜਨ ਦੇਵ, ਗੁਰਦੁਆਰਾ ਨਾਨਕਸਰ ਲੁਧਿਆਣਾ ਬਾਈਪਾਸ ਤੋਂ ਹੁੰਦਾ ਹੋਇਆ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਿਆਸ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਬਾਬਾ ਬਕਾਲਾ ਵਿਖੇ ਕਰੇਗਾ ਅਤੇ ਗੁਰੂ ਕੇ ਮਹਿਲ ਸ੍ਰੀ ਅੰਮਿ੍ਰਤਸਰ ਸਾਹਿਬ ਪੁੱਜੇਗਾ।
ਘਨੌਰ(ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਸ਼ਹਿਰ ਤੋਂ ਸਵੇਰੇ ਅਗਲੇ ਪੜਾਅ ਲਈ ਰਵਾਨਾ ਹੋਏ ਨਗਰ ਕੀਰਤਨ ਦਾ ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ਵਿਖੇ ਇਲਾਕੇ ਦੀ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਸੰਤ ਬੰਤ ਸਿੰਘ ਮਦਨਪੁਰ, ਭਾਈ ਸੁਰਿੰਦਰ ਸਿੰਘ ਫਰੀਦਪੁਰ, ਭਾਈ ਪਰਮਜੀਤ ਸਿੰਘ, ਗਿਆਨੀ ਇਕਬਾਲ ਸਿੰਘ ਮਰਦਾਂਪੁਰ ਦੀ ਅਗਵਾਈ ਵਿੱਚ ਸਵਾਗਤ ਕੀਤਾ ਗਿਆ।ਵੱਡੀ ਗਿਣਤੀ ਸੰਗਤ ਗੁਰੂ ਗ੍ਰੰੰਥ ਸਾਹਿਬ ਜੀ ਨੂੰ ਨਤਮਸਤਕ ਹੋਈ ਅਤੇ ਗੁਰੂ ਸਾਹਿਬਾਨ ਦੇ ਸਾਸ਼ਤਰਾਂ ਦੇ ਦਰਸ਼ਨ ਦੀਦਾਰੇ ਕੀਤੇ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਅਤੇ ਪੰਜ ਪਿਆਰਿਆਂ ਨੂੰ ਸਿਰਪਾਓ ਭੇਟ ਕੀਤੇ ਗਏ।