ਜੈਸਮੀਨ ਭਾਰਦਵਾਜ
ਨਾਭਾ, 10 ਨਵੰਬਰ
ਦੋ ਸਾਲ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੇ ਸਰਕਾਰ ਵੱਲੋਂ ਦੁਆਰਾ ਸੁਝਾਏ ਨਵੇਂ ਢੰਗ ਨਾਲ ਖੇਤੀ ਦੇ ਤਰੀਕਿਆਂ ਨੂੰ ਅਪਣਾਇਆ ਪਰ ਇਸ ਰਾਹ ਵਿਚ ਆਈ ਔਕੜਾਂ ਕਾਰਨ ਪਿੰਡ ਅਗੇਤੀ ਦੇ ਕਿਸਾਨਾਂ ਨੇ ਇਸ ਸਾਲ ਪਰਾਲੀ ਨੂੰ ਅੱਗ ਲਾਉਣ ਨੂੰ ਆਪਣੀ ਮਜਬੂਰੀ ਕਰਾਰ ਦਿੱਤਾ ਹੈ।
ਬਿਰਲਾਸੋਫਟ ਕੰਪਨੀ ਵੱਲੋਂ ਪ੍ਰੇਰੇ ਜਾਣ ਪਿੱਛੋਂ ਪਿੰਡ ਨੇ ਪਰਾਲੀ ਦੀਆਂ ਗੱਠਾਂ ਬਣਵਾਈਆਂ ਪਰ ਬਾਅਦ ਵਿੱਚ ਇਲਾਕੇ ਦੇ ਪਰਾਲੀ ਦੇ ਮੁੱਖ ਖਪਤਕਾਰ ਵੱਲੋਂ ਪੈਸੇ ਨਾ ਦੇਣ ਕਾਰਨ ਕਿਸਾਨਾਂ ਨੇ ਗੱਠਾਂ ਨੂੰ ਅੱਗ ਲਾ ਦਿੱਤੀ ਜਾਂ ਮਜ਼ਦੂਰੀ ਦੇ ਕੇ ਉਨ੍ਹਾਂ ਨੂੰ ਖੇਤ ’ਚੋਂ ਕੱਢ ਕੇ ਅਗਲੀ ਫਸਲ ਬੀਜੀ। ਹਾਰ ਨਾ ਮੰਨਦੇ ਹੋਏ ਅਗਲੇ ਸਾਲ ਕਿਸਾਨਾਂ ਨੇ ਪਰਾਲੀ ਮਿੱਟੀ ਵਿਚ ਰਲਾਉਣ ਦੇ ਸਰਕਾਰ ਦੇ ਸੁਝਾਅ ਉੱਪਰ ਪਹਿਰਾ ਦਿੱਤਾ। ਜੋਗਿੰਦਰ ਸਿੰਘ, ਦਵਿੰਦਰ ਸਿੰਘ, ਮੇਜਰ ਸਿੰਘ ਤੇ ਪਰਮਜੀਤ ਸਿੰਘ ਨੇ ਦੱਸਿਆ ਪਿੰਡ ਦੀ ਸਹਿਕਾਰੀ ਸੁਸਾਇਟੀ ਵਿੱਚ ਸਾਰੇ ਸੰਦ ਆ ਚੁੱਕੇ ਸਨ, ਜਿਸ ਦੇ ਨਾਲ ਕਿਸਾਨਾਂ ਨੇ ਕਿਸਾਨ ਯੂਨੀਅਨਾਂ ਦੇ ਵਿਰੋਧ ਦੇ ਬਾਵਜੂਦ ਪਰਾਲੀ ਨੂੰ ਮਿੱਟੀ ’ਚ ਰੱਖ ਕੇ ਹੈਪੀ ਸੀਡਰ ਨਾਲ ਕਣਕ ਬੀਜ ਦਿੱਤੀ ਪਰ ਜਦੋਂ ਕਈ ਕਿਸਾਨਾਂ ਦੀ ਕਣਕ ਦੀ ਫਸਲ ਨਹੀਂ ਹੋਈ ਤੇ ਕਈ ਕਿਸਾਨਾਂ ਦੀ ਫਸਲ ਮਰ ਗਈ ਤਾਂ ਸਰਕਾਰ ਦਾ ਕੋਈ ਮਾਹਿਰ ਸਾਰ ਲੈਣ ਨਾ ਆਇਆ। ਉਨ੍ਹਾਂ ਕਿਹਾ ਕਿ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕਰਨ ਤੱਕ ਸੀਮਤ ਸਿਖਲਾਈ ਕੈਂਪਾਂ ਵਾਲੇ ਖੇਤ ’ਚ ਔਕੜ ਦੇ ਸਮੇਂ ਨਜ਼ਰ ਨਹੀਂ ਆਉਂਦੇ। ਉਨ੍ਹਾਂ ਕਿਹਾ ਸੁਸਾਇਟੀ ਵਿੱਚ ਸੰਦ ਤਾਂ ਆ ਗਏ ਪਰ ਪਰਾਲੀ ਨੂੰ ਮਿੱਟੀ ’ਚ ਰੱਖਣ ਲਈ ਵਾਧੂ ਤੇਲ, ਮਜ਼ਦੂਰੀ ਉੱਪਰ ਖਰਚਾ ਤੇ ਅਗਲੀ ਫਸਲ ਦਾ ਨੁਕਸਾਨ ਕਿਸੇ ਖਾਤੇ ਨਹੀਂ। ਸੁਸਾਇਟੀ ਦੇ ਪ੍ਰਧਾਨ ਸਿਕੰਦਰ ਸਿੰਘ ਮੁਤਾਬਕ ਘਾਟੇ ’ਚ ਚੱਲ ਰਹੀ ਸੁਸਾਇਟੀ ਸੰਦਾਂ ਦੀ ਮੁਰੰਮਤ ਨਾ ਕਰਾ ਸਕੀ, ਜਿਸ ਕਾਰਨ ਇਸ ਸਾਲ ਸੰਦ ਵੀ ਸੁਸਾਇਟੀ ਵਿੱਚ ਹੀ ਖੜੇ ਮਿੱਟੀ ਫੱਕ ਰਹੇ ਹਨ।