ਹਰਵਿੰਦਰ ਕੌਰ ਨੌਹਰਾ
ਨਾਭਾ, 3 ਜੁਲਾਈ
ਜੰਗਲਾਤ ਵਰਕਰ ਯੂਨੀਅਨ ਪੰਜਾਬ ਵੱਲੋਂ ਕੱਚੇ ਕਾਮੇ ਪੱਕੇ ਕਰਵਾਉਣ ਤੇ ਹੋਰ ਮੰਗਾਂ ਦੇ ਹੱਲ ਲਈ ਅੱਜ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਹਲਕਾ ਨਾਭਾ ਵਿੱਚ ਰੋਸ ਧਰਨਾ ਦਿੱਤਾ ਗਿਆ। ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਆਪਣੇ ਟਰੱਕਾਂ, ਟੈਂਪੂਆਂ ਤੇ ਬੱਸਾਂ ’ਤੇ ਝੰਡਿਆਂ ਤੇ ਬੈਨਰਾਂ ਸਮੇਤ ਪੂਰੇ ਜੋਸ਼ ਨਾਲ ਨਾਅਰੇ ਲਾਉਂਦੇ ਹੋਏ ਧਰਨੇ ਵਿੱਚ ਪੁੱਜਣੇ ਸ਼ੁਰੂ ਹੋਏ। ਧਰਨੇ ਦੀ ਅਗਵਾਈ ਅਮਰੀਕ ਸਿੰਘ ਗੜਸ਼ੰਕਰ ਜਸਵੀਰ ਸੀਰਾ ਸ਼ਿਵ ਕੁਮਾਰ ਤੇ ਬਲਵੀਰ ਮਡੋਲੀ ਨੇ ਕੀਤੀ। ਵੱਡੀ ਗਿਣਤੀ ਵਿੱਚ ਇਕੱਤਰ ਹੋਏ ਜੰਗਲਾਤ ਕਾਮਿਆਂ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਦਰਸ਼ਨ ਬੇਲੂ ਮਾਜਰਾ, ਰਣਜੀਤ ਗੁਰਦਾਸਪਰ, ਜਸਵਿੰਦਰ ਸੋਜਾ ਤੇ ਮਲਕੀਤ ਸਿੰਘ ਮੁਕਤਸਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਜਿਥੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ ਨਾਲ ਵਾਅਦੇ ਕੀਤੇ ਸਨ, ਉੱਥੇ ਮੁਲਾਜ਼ਮਾਂ ਨਾਲ ਵੀ ਕੱਚੇ ਕਾਮੇ ਪੱਕੇ ਕਰਨ, 2004 ਤੋਂ ਬਾਅਦ ਭਰਤੀ ਹੋਏ ਕਾਮਿਆਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਬਕਾਇਆ ਡੀਏ ਦਿਵਾਉਣ ਅਤੇ ਪੇਅ ਕਮਿਸ਼ਨ ਦੀ ਰਿਪੋਰਟ ਜਿਹੇ ਵਾਅਦੇ ਕੀਤੇ ਸਨ, ਜੋ ਕਦੇ ਵਫ਼ਾ ਨਹੀਂ ਹੋਏ।
ਸੂਬਾ ਸਰਕਾਰ ਦੇ ਹਿਸ ਵਿਵਹਾਰ ਕਾਰਨ ਅੱਜ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਸੜਕਾਂ ’ਤੇ ਧਰਨੇ ਦੇਣ ਲਈ ਮਜਬੂਰ ਹੈ। ਅੱਜ ਦੀ ਇਸ ਰੋਸ ਰੈਲੀ ਨੂੰ ਸਬੋਧਨ ਕਰਦਿਆਂ ਸੁਖਦੇਵ ਚਿੰਗਾਲੀਵਾਲਾ, ਲਖਵਿੰਦਰ ਖਾਨਪੁਰ, ਸਵਰਨ ਮਡੋਲੀ, ਕਰਮ ਸਿੰਘ ਨਾਭਾ, ਚਮਕੌਰ ਸਿੰਘ ਨਾਭਾ ਬਲਵੀਰ ਸਿੰਘ ਤਰਤਾਰਨ, ਜੋਗਿੰਦਰ ਫਿਰੋਜਪੁਰ ਤੇ ਸੱਤ ਨਰਾਇਣ ਮਾਨਸਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਸਮੁੱਚੇ ਕੱਚੇ ਕਾਮੇ ਪੱਕੇ ਕੀਤੇ ਜਾਣ ਸੀਨੀਆਰਤਾ ਸੂਚੀ ਸੋਧ ਕੇ ਜਾਰੀ ਕੀਤੀ ਜਾਵੇ। ਕਰਮਚਾਰੀਆਂ ਨੂੰ ਮੌਸਮੀ ਵਰਦੀਆਂ ਤੇ ਨਿੱਤ ਵਰਤੋਂ ਦਾ ਸਾਮਾਨ ਦਿੱਤਾ ਜਾਵੇ। ਜੰਗਲਾਤ ਕਾਮਿਆਂ ਦੀ ਛਾਂਟੀ ਕਰਨੀ ਤੁਰੰਤ ਬੰਦ ਕੀਤੀ ਜਾਵੇ ਤੇ ਛਾਂਟੀ ਕੀਤੇ ਕਾਮਿਆਂ ਨੂੰ ਕੰਮ ’ਤੇ ਲਗਾਇਆ ਜਾਵੇ ਤੇ ਮੰਗ ਪੱਤਰ ਵਿੱਚ ਦਰਜ ਹੋਰ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਬਠਿੰਡਾ, ਉਮਾ ਸੰਕਰ ਲੁਧਿਆਣਾ, ਵੀਰਪਾਲ ਸਿੰਘ, ਮਨਤੇਜ ਸਿੰਘ ਮੁਹਾਲੀ ਤੇ ਰਵੀ ਕਾਂਤ ਰੋਪੜ, ਵਿਰਸਾ ਸਿੰਘ ਅੰਮ੍ਰਿਤਸਰ, ਰਤਨ ਸਿੰਘ ਹੱਲਾ ਨੇ ਕਿਹਾ ਕਿ ਜੰਗਲਾਤ ਕਾਮੇ ਅੱਜ ਦਾ ਧਰਨਾ ਲਾ ਕੇ ਵਾਪਸ ਨਹੀਂ ਜਾਣਗੇ ਉਹ ਇੱਥੇ ਹੀ ਲਗਾਤਾਰ ਪੱਕਾ ਮੋਰਚਾ ਲਾਉਣਗੇ ਤੇ ਉਸ ਨੂੰ ਉਨ੍ਹਾ ਚਿਰ ਜਾਰੀ ਕਰਨ ਰੱਖਣਗੇ। ਜਿੰਨਾ ਚਿਰ ਜੰਗਲਾਤ ਕਾਮਿਆਂ ਦੀ ਇੱਕ ਇੱਕ ਮੰਗ ਸਰਕਾਰ ਵੱਲੋਂ ਹੱਲ ਨਹੀਂ ਕੀਤੀ ਜਾਂਦੀ।
ਇਸ ਮਗਰੋਂ ਜੰਗਲਾਤ ਕਾਮਿਆਂ ਨੇ ਨਾਭਾ ਸ਼ਹਿਰ ਵਿੱਚ ਇੱਕ ਰੋਹ ਭਰਪੂਰ ਮੁਜ਼ਾਹਰਾ ਕੀਤਾ। ਜਿਸ ਨੂੰ ਵੱਖ-ਵੱਖ ਥਾਵਾਂ ’ਤੇ ਕੇਵਲ ਸਿੰਘ ਗੜ ਸੰਕਰ, ਪਵਨ ਹੁਸਿਆਰਪੁਰ, ਸੁਖਦੇਵ ਜਲੰਧਰ ਤੇ ਮੇੇਜਰ ਸਿੰਘ ਸਰਹਿੰਦ, ਨਾਨਕ ਦਾਸ ਨਵਾਂਸ਼ਹਿਰ ਨੇ ਸੰਬੋਧਨ ਕੀਤਾ। ਧਰਨਾ ਸਮਾਪਤ ਹੋਣ ਤੋਂ ਬਾਅਦ ਜੰਗਲਾਤ ਕਾਮਿਆਂ ਵੱਲੋਂ ਪੂਰੇ ਜੋਸ਼ ਨਾਲ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ। ਪੱਕੇ ਮੋਰਚੇ ਵਿੱਚ ਇਕੱਤਰ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਲੁਧਿਆਣਾ, ਛਿੰਦਰ ਪਾਲ ਛੱਤਬੀੜ, ਸਤਨਾਮ ਸਿੰਘ ਸੰਗਰੂਰ, ਕੁਲਦੀਪ ਸਿੰਘ ਗੁਰਦਾਸਪੁਰ, ਕਸਮੀਰ ਲਾਲ ਨਵਾਂਸ਼ਾਹਿਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਜੰਗਲਾਤ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਇਸ ਦਾ ਖਮਿਆਜ਼ਾ 2022 ਦੀਆਂ ਵਿਧਾਨ ਸਭਾ ’ਚ ਭੁਗਤਣਾ ਪਵੇਗਾ। ਅੱਜ ਦੀ ਇਸ ਰੋਸ ਰੈਲੀ ਵਿੱਚ ਇਲਾਵਾ ਕਰਮਜੀਤ ਕੌਰ ਮਾਛੀਵਾੜਾ, ਹਰਜਿੰਦਰ ਕੌਰ ਮਾਛੀਬਾਡਾ, ਜਗਦੀਸ਼ ਕੌਰ ਨਵਾਂਸ਼ਹਿਰ, ਕਸ਼ਮੀਰ ਕੌਰ ਨਵਾਂਸ਼ਹਿਰ, ਪਰਮਜੀਤ ਕੌਰ ਬਠਿੰਡਾ, ਬਲਜੀਤ ਕੌਰ ਮੋਹਾਲੀ ਤੇ ਭੁਪਿੰਦਰ ਕੌਰ ਮੁਹਾਲੀ ਹਾਜ਼ਰ ਸਨ।