ਜੈਸਮੀਨ ਭਾਰਦਵਾਜ
ਨਾਭਾ, 10 ਮਾਰਚ
ਨਾਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਥੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ, ਉੱਥੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਜ਼ਬਤ ਹੋ ਗਈ। ਜ਼ਮਾਨਤ ਬਚਾਉਣ ਲਈ 16.67 ਫ਼ੀਸਦ ਵੋਟਾਂ ਹਾਸਲ ਕਰਨੀ ਹੁੰਦੀ ਹੈ। ਤੀਜੇ ਨੰਬਰ ’ਤੇ ਰਹੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 12.78 ਫ਼ੀਸਦ (18251) ਹੀ ਵੋਟ ਪ੍ਰਾਪਤ ਹੋਈ। ਸ਼ਹਿਰੀ ਅਤੇ ਪੇਂਡੂ ਖੇਤਰ ਦੋਵਾਂ ਥਾਵੇਂ ‘ਆਪ’ ਦਾ ਹੀ ਬੋਲਬਾਲਾ ਰਿਹਾ ਤੇ ਗੁਰਦੇਵ ਸਿੰਘ ਮਾਨ ਨੇ ਰਿਕਾਰਡ 57.45 ਫ਼ੀਸਦ (82053) ਵੋਟਾਂ ਨਾਲ ਹਲਕੇ ਨੁਮਾਇੰਦਗੀ ਹਾਸਲ ਕੀਤੀ। ਦੂਜੇ ਨੰਬਰ ‘ਤੇ ਰਹੇ ਅਕਾਲੀ ਦਲ ਦੇ ਉਮੀਦਵਾਰ ਕਬੀਰ ਦਾਸ ਨੂੰ 20.62 ਫ਼ੀਸਦ (29453) ਵੋਟਾਂ ਪਈਆਂ। ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਬਰਿੰਦਰ ਬਿੱਟੂ ਨੂੰ 2.11 ਫ਼ੀਸਦ (3014) ਤੇ ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਸ਼ਾਹਪੁਰ ਨੂੰ 4.5 ਫ਼ੀਸਦ (6444) ਵੋਟਾਂ ਹਾਸਲ ਹੋਈਆਂ। ਬਾਕੀ ਉਮੀਦਵਾਰ ਨੋਟਾ ਨਾਲੋਂ ਵੀ ਹੇਠਾਂ ਰਹੇ। ਨੋਟਾ ਨੂੰ 1424, ਸੀਪੀਆਈ ਦੇ ਕਸ਼ਮੀਰ ਸਿੰਘ ਗਦਾਇਆ ਨੂੰ 895, ਸਪਾ ਦੇ ਸਿਮਰਨਜੀਤ ਸਿੰਘ ਨੂੰ 394, ਆਜ਼ਾਦ ਉਮੀਦਵਾਰ ਗੁਲਜ਼ਾਰ ਰਾਮ ਨੂੰ 474 ਤੇ ਬਲਵੰਤ ਸਿੰਘ ਨੂੰ 415 ਵੋਟਾਂ ਪਈਆਂ।