ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 8 ਮਾਰਚ
ਭਾਸ਼ਾ ਵਿਭਾਗ, ਪੰਜਾਬ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਾਹਿਰ ਲੁਧਿਆਣਵੀ ਦੀ ਜਸ਼ਨ-ਏ-ਸ਼ਤਾਬਦੀ ਮੌਕੇ ਉਰਦੂ ਸੈਮੀਨਾਰ ਅਤੇ ਮੁਸ਼ਾਇਰਾ ਕਰਵਾਇਆ ਗਿਆ, ਜਿਸ ਵਿਚ ਡਾ. ਰਾਜਵੰਤ ਕੌਰ ਪੰਜਾਬੀ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਭਾਸ਼ਣ ਦਿੱਤਾ ਗਿਆ, ਜਿਸ ਵਿਚ ਉਨਾਂ ਨੇ ਸੰਤੁਲਿਤ ਸਮਾਜ ਵਿੱਚ ਨਾਰੀ ਨੂੰ ਸਿੱਖਿਅਤ ਕਰਨ ਅਤੇ ਧੀਆਂ ਵਾਂਗ ਪੁੱਤਾਂ ਅੰਦਰ ਵੀ ਅੱਛੇ ਸੰਸਕਾਰ ਪੈਦਾ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਨਦੀਮ ਅਹਿਮਦ ਨਦੀਮ ਅਤੇ ਡਾ. ਆਬਿਦ ਅਲੀ ਖਾਨ ਵੱਲੋਂ ਉਰਦੂ ਦੇ ਮਕਬੂਲ ਸ਼ਾਇਰ ਅਤੇ ਗੀਤਾਂ ਦੇ ਸ਼ਹਿਜਾਦੇ ਸਾਹਿਰ ਲੁਧਿਆਣਵੀ ਬਾਰੇ ਖੋਜ ਪੱਤਰ ਪੜ੍ਹੇ। ਸਮਾਗਮ ਦੇ ਦੂਜੇ ਪੜਾਅ ਵਿੱਚ ਮੁਸ਼ਾਇਰੇ ਦਾ ਆਗਾਜ਼ ਕਰਨ ਤੋਂ ਪਹਿਲਾਂ ਸ਼ਮਾ ਰੌਸ਼ਨ ਕੀਤੀ ਗਈ ਅਤੇ ਨਾਮਵਰ ਸ਼ਾਇਰਾਂ ਵਲੋਂ ਆਪਣੇ ਕਲਾਮ ਪੇਸ਼ ਕੀਤੇ ਗਏ ਅਤੇ ਸ੍ਰੋਤਿਆਂ ਨੂੰ ਸਰਸ਼ਾਰ ਕੀਤਾ। ਜਿਨਾਂ ਵਿੱਚ ਮੈਡਮ ਸ਼ਹਿਨਾਜ਼ ਭਾਰਤੀ, ਸ੍ਰੀ ਜਤਿੰਦਰ ਪ੍ਰਵਾਜ਼, ਸ੍ਰੀ ਮੁਕੇਸ਼ ਆਲਮ, ਸ਼੍ਰੀ ਮੋਹਸਿਨ ਉਸਮਾਨੀ, ਮੈਡਮ ਮਹਿਕ ਭਾਰਤੀ, ਜਨਾਬ ਸਰਦਾਰ ਪੰਛੀ, ਸ੍ਰੀ ਸਮੀਰ ਅਲੀ ਸਮੀਰ, ਡਾ. ਮੁਹੰਮਦ ਰਫੀ, ਸ਼੍ਰੀ ਧਰਮ ਕੰਮੇਆਣਾ, ਸ੍ਰੀ ਗੁਰਮੀਤ ਸਿੰਘ, ਸ਼ਾਹਿਦ ਖੰਨਾ, ਮੈਡਮ ਪਰਵਿੰਦਰ ਕੌਰ, ਸੁਲਤਾਨਾ ਬੇਗਮ ਦਾ ਨਾਂ ਜ਼ਿਕਰਯੋਗ ਹੈ।
ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਡਾ. ਰਹਿਮਾਨ ਅਖ਼ਤਰ, ਸ਼੍ਰੋਮਣੀ ਉਰਦੂ ਸਾਹਿਤਕਾਰ ਵੱਲੋਂ ਸਾਹਿਰ ਲੁਧਿਆਣਵੀ ਦੇ ਸਮੁੱਚੇ ਜੀਵਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਉਨ੍ਹਾਂ ਵੱਲੋਂ ਵਿਭਾਗ ਨੂੰ ਉਰਦੂ ਦੀਆਂ ਪ੍ਰਸਿੱਧ ਹਸਤੀਆਂ ਦੇ ਮੋਨੋਗ੍ਰਾਫ ਲਿਖਵਾਉਣ ਬਾਰੇ ਵੀ ਕਿਹਾ ਹੈ। ਮੁੱਖ ਮਹਿਮਾਨ ਡਾ. ਅਜੀਜ਼ ਪਰੀਹਾਰ, ਸ਼੍ਰੋਮਣੀ ਉਰਦੂ ਸਾਹਿਤਕਾਰ ਵਲੋਂ ਆਪਣੇ ਭਾਸ਼ਣ ਵਿਚ ਸਾਹਿਰ ਲੁਧਿਆਣਵੀ ਦੇ ਜੀਵਨ ਅਤੇ ਸਾਹਿਤ ਪ੍ਰਤੀ ਦੇਣ ਸਬੰਧੀ ਵਿਚਾਰ ਪ੍ਰਗਟ ਕੀਤੇ। ਸਟੇਜ ਸਕੱਤਰ ਦਾ ਕਾਰਜ ਸ੍ਰੀ ਅਸ਼ਰਫ ਮਹਿਮੂਦ ਨੰਦਨ, ਸਹਾਇਕ ਡਾਇਰੈਕਟਰ ਵਲੋਂ ਬਾਖ਼ੂਬੀ ਨਿਭਾਇਆ ਗਿਆ।