ਗੁਰਨਾਮ ਸਿੰਘ ਚੌਹਾਨ
ਪਾਤੜਾਂ, 28 ਸਤੰਬਰ
ਪਿੰਡ ਸ਼ੁਤਰਾਣਾ ਵਿੱਚ ਅੱਜ ਸਵੇਰੇ ਪਤੀ ਨੇ ਪਤਨੀ ਦੇ ਸਿਰ ਵਿੱਚ ਘੋਟਣਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਮਗਰੋਂ ਉਹ ਫ਼ਰਾਰ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਸ਼ੁਤਰਾਣਾ ਦੀ ਪੁਲੀਸ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮਗਰੋਂ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਸ਼ੁਤਰਾਣਾ ਦੇ ਮੁਖੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਲੜਕੇ ਅਭਿਸ਼ੇਕ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਪਿਤਾ ਮਹਿੰਦਰਪਾਲ ਪਹਿਲਾਂ ਟੇਲਰ ਦਾ ਕੰਮ ਕਰਦਾ ਸੀ ਅਤੇ ਹੁਣ ਕਾਫੀ ਸਮੇਂ ਤੋਂ ਸ਼ਰਾਬ ਪੀਣ ਦਾ ਆਦੀ ਹੋ ਗਿਆ ਸੀ। ਇਸ ਕਰਕੇ ਘਰ ’ਚ ਅਕਸਰ ਝਗੜਾ ਹੁੰਦਾ ਸੀ। ਉਹ ਉਨ੍ਹਾਂ ਦੀ ਮਾਂ ਅਤੇ ਦੋਵਾਂ ਭਰਾਵਾਂ ਦੀ ਕੁੱਟਮਾਰ ਕਰਦਾ ਸੀ ਅਤੇ ਉਨ੍ਹਾਂ ਨੂੰ ਰਿਸ਼ਤੇਦਾਰੀ ਵਿੱਚ ਜਾਣ ਤੋਂ ਰੋਕਦਾ ਸੀ। ਬੀਤੇ ਕੱਲ੍ਹ ਉਹ ਆਪਣੀ ਮਾਸੀ ਕੋਲ ਪਿੰਡ ਗੁਲਾਹੜ ਗਿਆ। ਸ਼ਾਮ ਸਮੇਂ ਜਦੋਂ ਘਰ ਆਇਆ ਤਾਂ ਝਗੜਾ ਕਰਨ ਲੱਗਾ। ਇਸ ਮਗਰੋਂ ਸਾਰਾ ਪਰਿਵਾਰ ਸੌਂ ਗਿਆ।
ਸਵੇਰੇ ਕਰੀਬ ਸਾਢੇ ਚਾਰ ਵਜੇ ਉਸ ਦੇ ਪਿਤਾ ਨੇ ਘੋਟਣੇ ਨਾਲ ਉਸ ਦੀ ਮਾਂ ਊਸ਼ਾ ਰਾਣੀ ਦੇ ਸਿਰ ਉੱਤੇ ਵਾਰ ਕੀਤਾ ਤਾਂ ਚੀਕ ਚਿਹਾੜਾ ਸੁਣ ਕੇ ਉਹ ਦੋਵੇਂ ਭਰਾ ਜਾਗ ਗਏ। ਰੌਲਾ ਪਾਉਣ ’ਤੇ ਉਨ੍ਹਾਂ ਦਾ ਪਿਤਾ ਖੇਤਾਂ ਵੱਲ ਭੱਜ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਅਭਿਸ਼ੇਕ ਦੇ ਬਿਆਨਾਂ ਦੇ ਆਧਾਰ ’ਤੇ ਮਹਿੰਦਰਪਾਲ ਖਿਲਾਫ਼ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ।