ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਜੂਨ
ਪੰਜਾਬ ਸਰਕਾਰ ਵੱਲੋਂ ਕੋਵਿਡ-19 ਬਿਮਾਰੀ ਪ੍ਰਤੀ ਜਨ ਜਾਗਰੂਕਤਾ ਲਈ ਆਰੰਭੇ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਵਿੱਚ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਅਗਵਾਈ ਹੇਠ ਵੱਖ-ਵੱਖ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਬਲਾਕਾਂ ਵਿੱਚ ਪ੍ਰਚਾਰ ਵਾਹਨਾਂ ਰਾਹੀਂ ਪ੍ਰਚਾਰ ਮੁਹਿੰਮ ਜਾਰੀ ਰਹੀ। ਇਸ ਸਬੰਧੀ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਪ੍ਰਚਾਰ ਮੁਹਿੰਮ ਦੌਰਾਨ ਲੋਕਾਂ ਨੂੰ ਦੱਸਿਆ ਗਿਆ ਕਿ ਕੋਵਿਡ-19 ਬਿਮਾਰੀ ਨੂੰ ਆਪਣੇ ਤੋਂ ਦੂਰ ਰੱਖਣਾ ਆਸਾਨ ਹੈ ਬਸ਼ਰਤੇ ਅਸੀਂ ਕੁਝ ਸਾਵਧਾਨੀਆਂ ਰੱਖੀਏ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਬਾਹਰ ਜਾਣ ਸਮੇਂ ਮਾਸਕ ਲਾਈਏ, ਸਮਾਜਿਕ ਦੂਰੀ ਰੱਖੀਏ ਅਤੇ ਵਾਰ ਵਾਰ ਹੱਥ ਧੌਂਦੇ ਰਹੀਏ ਤਾਂ ਇਸ ਬਿਮਾਰੀ ’ਤੇ ਸਾਡੀ ਫ਼ਤਿਹ ਨਿਸ਼ਚਿਤ ਹੈ। ਕੌਂਸਲਰਾਂ ਅਤੇ ਸਰਪੰਚਾਂ ਪੰਚਾਂ ਵੱਲੋਂ ਵੀ ਘਰ ਘਰ ਜਾ ਕੇ ਲੋਕਾਂ ਨੂੰ ਪੰਚਾਇਤ ਅਤੇ ਆਂਗਨਵਾੜੀ ਵਰਕਰਾਂ ਦੀ ਮੌਜੂਦਗੀ ਚ ਕਰੋਨਾ ਦੇ ਖਤਰੇ ਤੋਂ ਸੁਚੇਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਈ. ਓਜ਼, ਬੀ ਡੀ ਪੀ ਓਜ਼ ਵੱਲੋਂ ਅੱਜ ਦੀ ਮੁਹਿੰਮ ਨੂੰ ਨੇਪਰੇ ਚਾੜ੍ਹਨ ਚ ਵਿਸ਼ੇਸ਼ ਭੂਮਿਕਾ ਨਿਭਾਈ ਗਈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦ ਵੀ ਉਨ੍ਹਾਂ ਦੇ ਖੇਤਰਾਂ ਵਿਚ ਕੋਈ ਬਾਹਰੀ ਵਿਅਕਤੀ ਆਵੇ ਤਾਂ ਇਸਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਜਾਵੇ।