ਪੱਤਰ ਪ੍ਰੇਰਕ
ਰਾਜਪੁਰਾ, 22 ਜੁਲਾਈ
ਇਥੋਂ ਦੇ ਨਗਰ ਕੌਂਸਲ ਦਫਤਰ ਵਿੱਚ ਨਗਰ ਕੌਂਸਲ ਦੇ ਜਨਰਲ ਹਾਊਸ ਦੀ ਮੀਟਿੰਗ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਦੀ ਪ੍ਰਧਾਨਗੀ ਵਿੱਚ ਹੋਈ। ਇਸ ਵਿੱਚ ਹਲਕਾ ਵਿਧਾਇਕ ਨੀਨਾ ਮਿੱਤਲ, ਕਾਰਜਸਾਧਕ ਅਧਿਕਾਰੀ ਸੰਗੀਤ ਕੁਮਾਰ ਆਹਲੂਵਾਲੀਆ ਸਮੇਤ ਸਮੂਹ ਕੌਂਸਲਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਕੌਂਸਲਰਾਂ ਵੱਲੋਂ ਵਿਧਾਇਕ ਨੀਨਾ ਮਿੱਤਲ ਪਾਸੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜਾਂ ਸਬੰਧੀ ਜੋ ਟੈਂਡਰ ਪਾਸ ਹੋ ਚੁੱਕੇ ਹਨ, ਉਹ ਵਿਕਾਸ ਕਾਰਜ ਅਰੰਭ ਕਰਵਾਏ ਜਾਣ। ਇਸ ਤੋਂ ਇਲਾਵਾ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਇਆ ਜਾਵੇ। ਕੌਂਸਲਰ ਜਗਨੰਦਨ ਗੁਪਤਾ ਸਮੇਤ ਹੋਰਨਾਂ ਵੱਲੋਂ ਮੰਗ ਕੀਤੀ ਗਈ ਕਿ ਪਿਛਲੇ ਲੰਮੇ ਸਮੇਂ ਤੋਂ ਲਮਕ ਰਹੀ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਕਰਵਾਈ ਜਾਵੇ।
ਇਸ ’ਤੇ ਮੈਡਮ ਨੀਨਾ ਮਿੱਤਲ ਨੇ ਮੈਂਬਰਾਂ ਨੂੰ ਵਿਸ਼ਵਾਸ ਦੁਆਇਆ ਕਿ ਪਾਸ ਹੋ ਚੁੱਕੇ ਟੈਂਡਰਾਂ ਵਾਲੇ ਵਿਕਾਸ ਕਾਰਜ ਤਰਜੀਹ ਦੇ ਆਧਾਰ ’ਤੇ ਸ਼ੁਰੂ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਹੋਰ ਸੁੰਦਰ ਬਣਾਇਆ ਜਾਵੇਗਾ। ਇਸ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਜਰੂਰੀ ਹੈ। ਮੀਟਿੰਗ ਵਿੱਚ ਕੌਂਸਲਰ ਰਜੇਸ਼ ਕੁਮਾਰ, ਅਮਨਦੀਪ ਸਿੰਘ ਨਾਗੀ, ਮਨਦੀਪ ਰਾਣਾ, ਸ਼ਾਂਤੀ ਸਪਰਾ, ਸੁਰੇਖਾ ਰਾਣੀ, ਅਲਕਾ ਡਾਹਰਾ ਅਤੇ ਲੀਲਾਵਤੀ ਸਮੇਤ ਹੋਰ ਮੌਜੂਦ ਸਨ।