ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਜਨਵਰੀ
ਨਗਰ ਕੌਂਸਲ ਚੋਣਾਂ ਦੀ ਤਿਆਰੀ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੋਰ ਕਮੇਟੀ ਚੇਅਰਮੈਨ ਪ੍ਰਿੰ. ਬੁੱਧ ਰਾਮ ਪਾਰਟੀ ਦੇ ਪਟਿਆਲਾ ਸ਼ਹਿਰੀ ਦਫ਼ਤਰ ਪੁੱਜੇ। ਇੱਥੇ ਉਨ੍ਹਾਂ ਨੇ ਕੁੱਝ ਚੋਣਵੇਂ ਆਗੂਆਂ ਨਾਲ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਅਤੇ ਕੁੱਝ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਦੌਰਾਨ ਮਾਸਟਰ ਬੁੱਧ ਰਾਮ ਨੇ ਕਿਹਾ ਕਿ ਇਨ੍ਹਾਂ ਚੋਣਾ ਦੌਰਾਨ ਪੰਜਾਬ ਦੇ ਵੋਟਰ ਮੌਜੂਦਾ ਸੱਤਾ ਧਿਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ।
ਪ੍ਰਿੰ. ਬੁੱਧ ਰਾਮ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਲੋਕ ਵਿਰੋਧੀ ਪਾਰਟੀਆਂ ਹਨ। ਇਨ੍ਹਾਂ ਤਿੰਨਾਂ ਪਾਰਟੀਆਂ ਨੇ ਹੀ ਕਿਸਾਨ ਵਿਰੋਧੀ ਬਿੱਲਾਂ ਨੂੰ ਕਿਸਾਨਾਂ ਦੇ ਗਲ ਵਿੱਚ ਮੜ੍ਹਿਆ ਹੈ। ਪ੍ਰਿ. ਬੁੱਧ ਰਾਮ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੇ ਭਾਜਪਾ ਆਗੂ ਗ਼ਲਤ ਤਰੀਕੇ ਨਾਲ ਉਕਸਾ ਰਹੇ ਹਨ। ਜਦਕਿ ਪੰਜਾਬ ਦੀ ਕਾਂਗਰਸ ਸਰਕਾਰ ਵੀ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ। ਇਸੇ ਤਰਾਂ ਅਕਾਲੀ ਦਲ ਦੀ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਨ੍ਹਾਂ ਕਾਨੂੰਨਾਂ ਦੀ ਹਮਾਇਤ ਕੀਤੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਦਫ਼ਤਰ ਵਿਖੇ ਚਾਰ ਬਲਾਕ ਪ੍ਰਧਾਨਾਂ ਰਾਜਿੰਦਰ ਮੋਹਨ, ਸੁਸ਼ੀਲ ਮਿੱਡਾ, ਰਾਜਬੀਰ ਸਿੰਘ, ਜਸਵਿੰਦਰ ਸਿੰਘ ਰਿੰਪਾ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਕਨਵੀਨਰ ਕੁੰਦਨ ਗੋਗੀਆ, ਸਿਮਰਨਪ੍ਰੀਤ ਸਿੰਘ, ਸੁਰਿੰਦਰ ਸਿੰਘ ਕਟੋਚ, ਸੰਜੇ ਸੈਣੀ, ਵਿਨੈ ਸਰਵਰੀਆ ਅਤੇ ਹੋਰ ਸੱਜਣ ਵੀ ਮੌਜੂਦ ਰਹੇ।