ਪੱਤਰ ਪ੍ਰੇਰਕ
ਪਾਤੜਾਂ, 3 ਨਵੰਬਰ
ਮੋਦੀ ਸਰਕਾਰ ਵੱਲੋਂ ਪਾਸ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਕੀਤੇ ਜਾ ਰਹੇ ਦੇਸ਼ ਵਿਆਪੀ ਚੱਕਾ ਜਾਮ ਅਤੇ 26-27 ਨਵੰਬਰ ਨੂੰ ਦਿੱਲੀ ਦੀ ਕੀਤੀ ਜਾ ਰਹੀ ਘੇਰਾਬੰਦੀ ਦੀ ਤਿਆਰੀ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਝੰਡਾ ਮਾਰਚ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਕਰਦਿਆਂ ਯੂਨੀਅਨ ਦੇ ਆਗੂ ਦਲਜਿੰਦਰ ਸਿੰਘ ਹਰਿਆਊ, ਕੁਲਦੀਪ ਸਰਪੰਚ ਚੁਨਾਗਰਾ, ਪਰਵੀਨ ਖਾਂਗ ਅਤੇ ਸੁੱਖਾ ਪਾਤੜਾਂ, ਅਤਿੰਦਰ ਘੱਗਾ, ਦਵਿੰਦਰਪਾਲ ਪਾਤੜਾਂ, ਜਸਪਾਲ ਖਾਂਗ, ਸੱਤਪਾਲ ਖਾਂਗ ਤੇ ਮਨਜੀਤ ਸਿੰਘ ਨੇ ਕਿਹਾ ਕਿ ਸ਼ੁਤਰਾਣਾ ਵਿੱਚ 5 ਨਵੰਬਰ ਨੂੰ ਪੈਂਦੇ ਟੌਲ ਪਲਾਜ਼ਾ ’ਤੇ ਚੱਕਾ ਜਾਮ ਕੀਤਾ ਜਾਵੇਗਾ। ਇਸ ਜਾਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਚੁਨਾਗਰਾ, ਹਰਿਆਊ ਖੁਰਦ, ਖਾਂਗ, ਮੌਲਵੀਵਾਲਾ ਅਤੇ ਖਨੌਰੀ ਮੰਡੀ ਦੇ ਨਾਲ਼ ਢਾਬੀ ਗੁੱਜਰਾਂ, ਤੇਈਪੁਰ, ਸਾਗਰਾ, ਗੁਲਜ਼ਾਰਪੁਰਾ ਠਰੂਆ ਆਦਿ ਪਿੰਡਾਂ ਵਿੱਚ ਝੰਡਾ ਮਾਰਚ ਕਰ ਕੇ ਲੋਕਾਂ ਨੂੰ ਇਸ ਚੱਕਾ ਜਾਮ ਵਿੱਚ ਪੁੱਜਣ ਅਤੇ 26-27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੀ ਅਪੀਲ ਕੀਤੀ ਗਈ। ਆਗੂਆਂ ਨੇ ਆਖਿਆ ਕਿ ਅੜੀਅਲ ਰਵੱਈਏ ਖ਼ਿਲਾਫ਼ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਇੱਕਜੁੱਟ ਹੋ ਕੇ ਕੀਤਾ ਜਾ ਰਿਹਾ ਚੱਕਾ ਜਾਮ ਕਿਸਾਨ ਘੋਲ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ।