ਗੁਰਨਾਮ ਸਿੰਘ ਅਕੀਦਾ/ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਨਵੰਬਰ
ਇੱਥੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਦੀਵਾਲੀ ਵਾਲੇ ਦਿਨ ਕਾਲੇ ਚੋਲੇ ਪਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਅਤੇ ਬਾਜ਼ਾਰਾਂ ਵਿਚ ਮੋਟਰਸਾਈਕਲ ਮਾਰਚ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਲਗਾਈ ਕਥਿਤ ਝੂਠਾਂ ਦੀ ਝੜੀ ਦੀ ਪੋਲ ਖੋਲ੍ਹਣ ਸਬੰਧੀ ਇਸ ਮਾਰਚ ਲਈ ਮੁਲਾਜ਼ਮ ਸਵੇਰੇ ਯੂਨੀਅਨ ਦਫ਼ਤਰ ਰਾਜਪੁਰਾ ਕਲੋਨੀ ਵਿੱਚ ਇਕੱਤਰ ਹੋਏ। ਇੱਥੋਂ ਮੋਟਰਸਾਈਕਲ ਮਾਰਚ ਕਰਦੇ ਹੋਏ, ਰੇਲਵੇ ਸਟੇਸ਼ਨ ਲਾਹੌਰੀ ਗੇਟ, ਆਰੀਆ ਸਮਾਜ ਚੌਕ, ਸਰਹਿੰਦ ਬਾਜ਼ਾਰ ਤੋਂ ਹੁੰਦੇ ਹੋਏ ਬੱਸ ਸਟੈਂਡ ਪਹੁੰਚ ਕੇ ਮੁਲਾਜ਼ਮਾਂ ਨੇ ਸੰਕੇਤਕ ਆਵਾਜਾਈ ਰੋਕ ਕੇ ਪੰਜਾਬ ਦੀ ਚੰਨੀ ਸਰਕਾਰ ਵਿਰੁੱਧ ਰੈਲੀ ਕਰ ਕੇ ਆਪਣੀ ਭੜਾਸ ਕੱਢੀ।
ਮੁਲਾਜ਼ਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਕਿਸ਼ਨ ਤੇ ਮਾਧੋ ਲਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਜ਼ਾਦ ਭਾਰਤ ਵਿੱਚ ਪੰਜਾਬ ਪਹਿਲਾ ਸੂਬਾ ਹੈ ਜਿਸ ਨੇ ਕੁੱਝ ਕੁ ਮੁਲਾਜ਼ਮਾਂ ਨਾਲ ‘ਫਰੈਂਡਲੀ ਮੈਚ ਖੇਡ’ ਕੇ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਤਨਖ਼ਾਹਾਂ ਦਾ ਭੁਗਤਾਨ ਕਰਨ ਤੋਂ ਇਸ ਵਾਰ ਵਾਂਝਾ ਰੱਖਿਆ ਹੈ। ਇਨ੍ਹਾਂ ਆਗੂਆਂ ਨੇ ਖੁਲਾਸਾ ਕੀਤਾ ਕਿ ਚੌਥਾ ਦਰਜਾ ਮੁਲਾਜ਼ਮਾਂ ਨੂੰ ਤਿਉਹਾਰੀ ਕਰਜ਼ਾ ਵੀ ਜਾਰੀ ਨਹੀਂ ਹੋਣ ਦਿੱਤਾ ਗਿਆ। ਇੱਥੋਂ ਤੱਕ ਕਿ ਹੇਠਲੀ ਸ਼੍ਰੇਣੀ ਦੇ ਹਮਦਰਦ ਹੋਣ ਦੇ ਦਮਗਜੇ ਮਾਰਨ ਵਾਲੇ ਮੁੱਖ ਮੰਤਰੀ ਚਰਜਨਜੀਤ ਸਿੰਘ ਚੰਨੀ ਨੇ ਦਿਹਾੜੀਦਾਰ, ਕੰਟਰੈਕਟ, ਆਊਟ ਸੋਰਸ ਅਤੇ ਪਾਰਟ ਟਾਈਮ ਮੁਲਾਜ਼ਮਾਂ ਦੀਆਂ ਤਿੰਨ-ਤਿੰਨ ਮਹੀਨਿਆਂ ਤੋਂ ਰੁਕੀਆਂ ਤਨਖ਼ਾਹਾਂ ਵੀ ਜਾਰੀ ਨਹੀਂ ਹੋਣ ਦਿੱਤੀਆਂ। ਇੱਥੇ ਹੀ ਬੱਸ ਨਹੀਂ ਬਲਕਿ ਵਿਭਾਗਾਂ ਵਿਚਲੇ ਸੇਵਾਮੁਕਤ ਮੁਲਾਜ਼ਮਾਂ, ਮ੍ਰਿਤਕ ਮੁਲਾਜ਼ਮਾਂ ਦੇ ਆਸ਼ਰਿਤਾਂ ਅਤੇ ਵਿਆਹ-ਸ਼ਾਦੀਆਂ, ਭੋਗ ਰਸਮਾਂ ਲਈ ਮੰਗਿਆ ਗਿਆ ਐਡਵਾਂਸ ਵੀ ਮੁਲਾਜ਼ਮ ਦੋਖੀਆਂ ਨੇ ਜਾਰੀ ਨਹੀਂ ਹੋਣ ਦਿੱਤਾ, ਜਿਸ ਕਰ ਕੇ ਕਈ ਘਰਾਂ ਦੇ ਰਿਸ਼ਤੇ ਵੀ ਟੁੱਟ ਗਏ ਅਤੇ ਹੇਠਲੀ ਸ਼੍ਰੇਣੀ ਦੇ ਮੁਲਾਜ਼ਮ ਕਰਜ਼ੇ ਹੇਠ ਦੱਬ ਗਏ ਹਨ।
ਇਨ੍ਹਾਂ ਆਗੂਆਂ ਨੇ 10 ਅਤੇ 11 ਨਵੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ 24 ਘੰਟਿਆਂ ਲਈ ਭੁੱਖ ਹੜਤਾਲਾਂ ਅਤੇ ਰੈਲੀਆਂ ਕਰਨ ਦਾ ਫ਼ੈਸਲਾ ਲਿਆ ਹੈ ਅਤੇ 17 ਨਵੰਬਰ ਨੂੰ ਵਿੱਤ ਮੰਤਰੀ ਦੇ ਵਿਧਾਨ ਸਭਾ ਹਲਕਾ ਬਠਿੰਡਾ ਵਿੱਚ ਜ਼ੋਨਲ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਕੱਚੇ ਅਧਿਆਪਕਾਂ ਵੱਲੋਂ ਕਾਲੀ ਦੀਵਾਲੀ ਮਨਾ ਕੇ ਸਰਕਾਰ ਪ੍ਰਤੀ ਰੋਸ਼ ਜਾਹਿਰ ਕੀਤਾ
ਦਿੜਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਅਧਿਆਪਕਾਂ ਵਾਂਗ ਦੀਵਾਲੀ ਦਾ ਤੋਹਫਾ ਨਾ ਦਿੱਤੇ ਜਾਣ ਕਾਰਨ ਕੱਚੇ ਅਧਿਆਪਕਾਂ ਵੱਲੋਂ ਕਾਲੀ ਦੀਵਾਲੀ ਮਨਾਈ ਗਈ। ਕੱਚੇ ਅਧਿਆਪਕਾਂ ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਨਾੜੂ, ਹਰਦੀਪ ਸਿੰਘ ਢੰਡੋਲੀ ਖੁਰਦ, ਤਰਸੇਮ ਸਿੰਘ ਡੀਸੀ ਢੰਡੋਲੀਕਲਾਂ, ਗੁਰਵਿੰਦਰ ਕੌਰ ਦਿੜਬਾ, ਕਰਮਜੀਤ ਕੌਰ ਢੰਡੋਲੀ ਕਲਾਂ, ਪਰਮਜੀਤ ਕੌਰ ਦਿੜਬਾ, ਹਰਵਿੰਦਰ ਕੌਰ ਪਿੰਕੀ ਤੇ ਜਗਜੀਤ ਕੌਰ ਆਦਿ ਕੱਚੇ ਅਧਿਆਪਕਾਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਚੋਣਾਂ ਵੇਲੇ ਸਰਕਾਰ ਬਣਨ ’ਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਸਰਕਾਰ ਨੇ ਕੱਚੇ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ। ਉਨ੍ਹਾਂ ਕਿਹਾ ਕਿ ਹੁਣ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਆਸ ਜਾਗੀ ਸੀ ਪ੍ਰੰਤੂ ਚੰਨੀ ਨੇ ਰੈਗੂਲਰ ਅਧਿਆਪਕਾਂ ਨੂੰ ਤਾਂ ਡੀਏ ਵਧਾ ਕੇ ਦੀਵਾਲੀ ਦਾ ਤੋਹਫਾ ਦੇ ਦਿੱਤਾ ਪ੍ਰੰਤੂ ਕੱਚੇ ਅਧਿਆਪਕਾਂ ਲਈ ਕੋਈ ਐਲਾਨ ਨਹੀਂ ਕੀਤਾ ਗਿਆ, ਜਿਸ ਕਰ ਕੇ ਐਤਕੀ ਵੀ ਉਨ੍ਹਾਂ ਨੇ ਰੋਸ ਵਜੋਂ ਕਾਲੀ ਦੀਵਾਲੀ ਮਨਾਈ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਕੱਚੇ ਅਧਿਅਪਕਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਤਿੱਖੇ ਕੀਤੇ ਜਾਣਗੇ।