ਖੇਤਰੀ ਪ੍ਰਤੀਨਿਧ
ਪਟਿਆਲਾ, 9 ਫਰਵਰੀ
ਜਿਵੇਂ ਰੁੱਤਾਂ ਬਦਲਦੀਆਂ ਰਹਿੰਦੀਆਂ ਹਨ, ਉਵੇਂ ਹੀ ਮਨੁੱਖ ’ਤੇ ਵੀ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਹੈ। ਖਾਸ ਕਰਕੇ ਰਾਜਸੀ ਲੋਕ ਅਜਿਹੀਆਂ ਖੱਟੀਆਂ ਮਿੱਠੀਆਂ ਯਾਦਾਂ ਹੰਢਾਉਂਦੇ ਰਹਿੰਦੇ ਹਨ। ਪਟਿਆਲਾ ਦੇ ਵਿਧਾਇਕ ਵਜੋਂ ਦੋ ਵਾਰ ਮੁੱਖ ਮੰਤਰੀ ਬਣ ਚੁੱਕੇ ਕੈਪਟਨ ਅਮਰਿੰਦਰ ਸਿੰਘ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਹੋਰ ਜਾਣਕਾਰਾਂ ਦੇ ਨਾਲ਼ ਪੁਲੀਸ ਦੇ ਵਖ ਵੱਖ ਵਿੰਗਾਂ ਨਾਲ ਸਬੰਧਤ ਤਕਰੀਬਨ ਸੌ ਪੁਲੀਸ ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਰਹੇ ਹਨ। ਸ਼ਾਹੀ ਪਰਿਵਾਰ ਦੇ ਇੱਥੇ ਸਥਿਤ 35 ਏਕੜ ਰਕਬੇ ਵਿਚ ਫੈਲੇ ਨਿਊ ਮੋਤੀ ਬਾਗ ਪੈਲੇਸ (ਮੋਤੀ ਮਹਿਲ) ਦੇ ਨਾ ਸਿਰਫ਼ ਅੰਦਰ,ਬਲਕਿ ਚਾਰੇ ਕੋਨਿਆਂ ’ਤੇ ਵੀ ਕੁਝ ਸਾਲਾਂ ਤੋਂ ਪੁਲੀਸ ਨੇ ਤੰਬੂ ਗੱਡ ਕੇ ਪੱਕੀਆਂ ਪੋਸਟਾਂ ਬਣਾਈਆਂ ਸਨ। ਮੋਤੀ ਮਹਿਲ ਇਥੋਂ ਦੇ ਪੌਸ਼ ਇਲਾਕੇ ’ਚ ਹੈ। ਭਾਵੇਂ ਇਥੇ ਤਾਇਨਾਤ ਰਹੀ ਫੋਰਸ ਆਮ ਲੋਕਾਂ ਨੂੰ ਰੋਕਦੀ ਨਹੀਂ ਸੀ,ਪਰ ਪੁਲੀਸ ਫੋਰਸ ਦੀ ਤਾਇਨਾਤੀ ਲੋਕਾਂ ਦੇ ਆਮ ਜੀਵਨ ’ਚ ਵਿਘਨ ਜਾਪਦੀ ਸੀ। ਕਾਂਗਰਸ ਦੀ ਫੁੱਟ ਉਭਰੀ ਤਾਂ ਹਾਈ ਕਮਾਨ ਤੋਂ ਅਸਤੀਫ਼ਾ ਦੇਣ ਦਾ ਸੁਨੇਹਾ ਆਇਆ। ਇਸ ਤਰ੍ਹਾਂ ਮੁੱਖ ਮੰਤਰੀ ਪਦ ਜਾਂਦਾ ਰਿਹਾ। ਸੀ.ਐਮ ਸਕਿਓਰਿਟੀ ਵਾਲੀ ਫੌਜ ਤਾਂ ਭਾਵੇਂ ਉਸੇ ਹੀ ਦਿਨ ਅਗਲੇ ਪੜਾਅ ’ਤੇ ਚਲੀ ਗਈ। ਪਰ ਮੋਤੀ ਮਹਿਲ ਦੁਆਲੇੇ ਪੁਲੀਸ ਕਾਫ਼ੀ ਸਮਾਂ ਤਾਇਨਾਤ ਰਹੀ। ਮਹਿਲ ਦੇ ਅਗਲੇ ਪਾਸੇ ਤਾਂ ਹੁਣ ਵੀ ਫੋਰਸ ਤਾਇਨਾਤ ਪਰ ਪਿਛਲੇ ਖੂੰੰਜਿਆਂ ਵਾਲ਼ੀਆਂ ਪੋਸਟਾਂ ਖਾਲੀ ਹੋ ਚੁੱਕੀਆਂ ਹਨ। ਮਹਿਲ ਦੇ ਮੁੱਖ ਗੇਟ ’ਤੇ ਤਾਇਨਾਤ ਰਹਿਣ ਵਾਲੀ ਫੋਰਸ ’ਚ ਵੀ ਵੱਡਾ ਹਿੱਸਾ ਮਨਫ਼ੀ ਹੋ ਗਿਆ ਹੈ। ਪਹਿਲਾਂ ਤਾਂ ਮਹਿਲ ਦੇ ਗੇਟ ’ਤੇ ਤਾਇਨਾਤ ਰਹਿਣ ਵਾਲ਼ੇ ਥਾਣੇਦਾਰ ਵੀ ਕਿਸੇ ਡੀਐੱਸਪੀ ਤੇ ਐੱਸਪੀ ਪੱੱਧਰ ਦੇ ਅਫਸਰਾਂ ਵਾਲ਼ੀ ਫੀਲਿੰਗ ਲੈਂਦੇ ਸਨ। ਹੁਣ ਕਈ ਦਿਨਾਂ ਤੋਂ ਮੋਤੀ ਮਹਿਲ ਦੇ ਗੇਟ ਆਗ ਲੋਕਾਂ ਲਈ ਖੁੱਲ੍ਹ ਚੁੁੱਕੇ ਹਨ। ਜਿਸ ਦੇ ਚੱਲਦਿਆਂ ਕਈ ਵਰਕਰ ਤਾਂ ਸਿਰਫ਼ ਮੋਤੀ ਮਹਿਲ ਦੇ ਅੰਦਰੂਨੀ ਹਿੱਸੇ ਦੀ ਝਲਕ ਲੈਣ ਹੀ ਅੰਦਰ ਤੱਕ ਜਾ ਅੱਪੜਦੇ ਹਨ। ਇਹ ਰਾਜੇ ਮਹਾਰਾਜੇ ਵੇਲ਼ਿਆਂ ਦਾ ਮਹਿਲ ਹੈ। ਅਮਰਿੰਦਰ ਸਿੰਘ ਦੇ ਮਾਪੇ ਪਟਿਆਲਾ ਰਿਆਸਤ ਦੇ ਅੰਤਲੇ ਮਹਾਰਾਜਾ ਤੇ ਮਹਾਰਾਣੀ ਹੋਏ ਹਨ। ਇਸੇ ਦੌਰਾਨ ਮੋਤੀ ਮਹਿਲ ਦੀਆਂ ਕੰਧਾਂ ਭਾਵੇਂ ਪਹਿਲਾਂ ਹੀ ਕਾਫ਼ੀ ਉੱਚੀਆਂ ਹਨ ਪਰ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਮਗਰੋਂ ਮੋਤੀ ਮਹਿਲ ਦੀ ਸੁਰੱਖਿਆ ਲਈ ਮਹਿਲ ਦੇ ਪ੍ਰਬੰਧਕਾਂ ਤੇ ਮਾਲਕਾਂ ਨੇ ਇਸ ਦੀਵਾਰ ’ਤੇ ਇਸ ਕਦਰ ਕੰਡਿਆਲੀ ਤਾਰ ਵਗਲ਼ ਦਿੱਤੀ ਹੈ।