ਗੁਰਨਾਮ ਸਿੰਘ ਚੌਹਾਨ
ਪਾਤੜਾਂ. 12 ਮਈ
ਦੇਸ਼ ਨੂੰ ਕਰੋਨਾ ਵਰਗੀ ਭਿਆਨਕ ਬਿਮਾਰੀ ਦਿਨ ਪ੍ਰਤੀ ਦਿਨ ਆਪਣੀ ਲਪੇਟ ਵਿੱਚ ਲੈਂਦੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਦਾ ਇਕ ਹਲਕਾ ਅਜਿਹਾ ਵੀ ਹੈ, ਜਿੱਥੋਂ ਦੇ ਪੇਂਡੂ ਵਰਗ ਦੇ ਲੋਕਾਂ ਨੂੰ ਸਰਕਾਰੀ ਜਾਂ ਪ੍ਰਾਈਵੇਟ ਬੱਸ ਸੁਵਿਧਾ ਨਹੀਂ ਹੈ ਅਤੇ ਪੇਂਡੂ ਇਲਾਕਿਆਂ ਦੇ ਲੋਕ ਸਿਹਤ ਸਹੂਲਤਾਂ ਤੋਂ ਸੱਖਣੇ ਹੋ ਗਏ ਹਨ। ਸੁਤੰਤਰ ਮਜ਼ਦੂਰ ਯੂਨੀਅਨ ਭਾਰਤ ਦੇ ਪੰਜਾਬ ਕਨਵੀਨਰ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਲੋਕਾਂ ਦੇ ਇਸ ਦਰਦ ਨੂੰ ਉਠਾਇਆ ਹੈ। ਉਨ੍ਹਾਂ ਕਿਹਾ ਕਿ ਬੱਸ ਸੇਵਾ ਨਾ ਹੋਣ ਕਾਰਨ ਜਲਾਲਪੁਰ, ਪੈਂਦ, ਅਰਨੇਟੂ, ਸਧਾਰਨਪੁਰ ਅਤੇ ਕਈ ਹੋਰ ਪਿੰਡਾਂ ਦਾ ਲਿੰਕ ਸ਼ਹਿਰ ਨਾਲੋਂ ਟੁੱਟ ਚੁੱਕਾ ਹੈ ਅਤੇ ਇਨ੍ਹਾਂ ਲੋਕਾਂ ਪਾਸ ਸਿਹਤ ਸਹੂਲਤਾਂ ਲਈ ਜਾਂ ਆਪਣੇ ਹੋਰ ਕੰਮਾਂ ਲਈ ਪਿੰਡ ਤੋਂ ਸ਼ਹਿਰ ਵੱਲ ਜਾਣ ਦੇ ਸਾਧਨ ਨਾਮਾਤਰ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਅਜਿਹੇ ਪਿੰਡਾਂ ਦਾ ਸਰਵੇ ਕਰਕੇ ਇੱਥੇ ਸਰਕਾਰੀ ਲੋਕਲ ਬੱਸਾਂ ਦੇ ਰੂਟ ਚਲਾਏ ਜਾਣ ਤਾਂ ਜੋ ਆਮ ਲੋਕਾਂ ਨੂੰ ਸ਼ਹਿਰ ਵੱਲ ਜਾਣ ਲਈ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ।