ਅਸ਼ਵਨੀ ਗਰਗ
ਸਮਾਣਾ,19 ਅਕਤੂਬਰ
ਸ਼ਹਿਰ ਦੇ ਵੱਡੇ ਹਿੱਸੇ ਨੂੰ ਪਾਣੀ ਦੀ ਸਪਲਾਈ ਕਰਨ ਵਾਲੀ ਟੈਂਕੀ ਨੰਬਰ-1 ਦੀ ਮੋਟਰ ਪਿਛਲੇ ਕਈ ਦਿਨਾਂ ਤੋਂ ਖ਼ਰਾਬ ਹੋਣ ਕਾਰਨ ਸ਼ਹਿਰ ਦੇ ਕਈ ਮੁਹੱਲਿਆਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਪੇਸ਼ ਆ ਰਹੀ ਹੈ। ਦੂਜੇ ਪਾਸੇ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਨਵੀਂ ਮੋਟਰ ਲਗਾਉਣ ਲਈ ਕਾਗਜ਼ੀ ਕਾਰਵਾਈ ਵਿੱਚ ਉਲਝੇ ਹੋਏ ਹਨ ਜਿਸ ਕਾਰਨ ਅਗਲੇ ਕੁੱਝ ਹੋਰ ਦਿਨਾਂ ਤੱਕ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈ ਸਕਦਾ ਹੈ। ਮੁਹੱਲਾ ਮੋਤੀਆ ਬਾਜ਼ਾਰ, ਦਰਜੀਆਂ ਮੁਹੱਲਾ, ਜੋਸ਼ੀਆਂ ਮੁਹੱਲਾ ਤੇ ਹੋਰ ਆਲੇ-ਦੁਆਲੇ ਦੇ ਮੁਹੱਲਿਆਂ ਦੇ ਲੋਕਾਂ ਵਰਿੰਦਰ ਕੁਮਾਰ, ਮੀਨੂੰ, ਪੁਸ਼ਪਾ ਦੇਵੀ, ਬੰਤੀ ਦੇਵੀ, ਸ਼ਕੁੰਤਲਾ ਦੇਵੀ, ਰਜਨੀ, ਸਰੀਤਾ ਅਤੇ ਮਨੀਸ਼ਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪਾਣੀ ਵਾਲੀ ਮੋਟਰ ਅਕਸਰ ਖ਼ਰਾਬ ਰਹਿੰਦੀ ਹੈ ਜਿਸ ਸਬੰਧੀ ਉਹ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ ਪ੍ਰੰਤੂ ਅਧਿਕਾਰੀਆਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਦੱਸਿਆ ਕਿ ਇਕ ਮਹੀਨੇ ਵਿੱਚ ਹੀ ਟੈਂਕੀ ਦੀ ਮੋਟਰ ਚਾਰ ਵਾਰ ਤੋਂ ਵੱਧ ਵਾਰ ਖ਼ਰਾਬ ਹੋ ਚੁੱਕੀ ਹੈ।
ਜਲਦੀ ਲੱਗੇਗੀ ਮੋਟਰ: ਜੇਈ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਾਜੇਸ਼ ਸ਼ਰਮਾ ਨੇ ਕਿਹਾ ਕਿ ਟੈਂਕੀ ਦੀ ਮੋਟਰ ਬਦਲਣ ਲਈ 7.17 ਲੱਖ ਰੁਪਏ ਜਲ ਸਪਲਾਈ ਵਿਭਾਗ ਨੂੰ ਅਪਰੈਲ 2020 ਵਿਚ ਹੀ ਜਾਰੀ ਕਰ ਦਿੱਤੇ ਗਏ ਸਨ। ਉੱਧਰ, ਜਲ ਸਪਲਾਈ ਵਿਭਾਗ ਦੇ ਜੇ.ਈ. ਪ੍ਰਦੀਪ ਧੀਮਾਨ ਨੇ ਕਿਹਾ ਕਿ ਲੌਕਡਾਊਨ ਕਾਰਨ ਕੰਮ ਦੇ ਟੈਂਡਰ ਨਹੀਂ ਹੋ ਸਕੇ ਸਨ ਪ੍ਰੰਤੂ ਹੁਣ ਟੈਂਡਰ ਹੋ ਚੁੱਕੇ ਹਨ ਤੇ ਵਰਕ ਪਰਮਿਟ ਵੀ ਕੱਟ ਚੁੱਕਾ ਹੈ। ਇਸ ਹਫ਼ਤੇ ਵਿਚ ਹੀ ਨਵੀਂ ਮੋਟਰ ਲੱਗ ਜਾਵੇਗੀ ਜਿਸ ਤੋਂ ਬਾਅਦ ਲੋਕਾਂ ਨੂੰ ਪਾਣੀ ਦੀ ਸਮੱਸਿਆ ਪੇਸ਼ ਨਹੀਂ ਆਵੇਗੀ।