ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਦਸੰਬਰ
ਪੁਲ ਦੀ ਮੁਰੰਮਤ ਲਈ ਬੰਦ ਕੀਤੇ ਰਜਬਾਹੇ ਨੂੰ ਧੱਕੇ ਨਾਲ ਖੋਲ੍ਹਣ ਕਾਰਨ ਜਿੱਥੇ ਸਰਕਾਰੀ ਜਾਇਦਾਦ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਖੇਤਾਂ ਵਿਚ ਪਾਣੀ ਭਰਨ ਕਾਰਨ ਕਿਸਾਨਾਂ ਦੀ ਕਣਕ ਅਤੇ ਸਬਜ਼ੀਆਂ ਸਣੇ ਹਰੇ ਚਾਰੇ ਦੀ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ ਹੈ।
ਇਲਾਕਾ ਵਾਸੀ ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਮਨਿੰਦਰ ਸਿੰਘ, ਗੁਰਮੇਜ ਸਿੰਘ, ਗੁਰਤੇਜ ਸਿੰਘ, ਬਲਵਿੰਦਰ ਰਾਮ, ਜੋਗਿੰਦਰ ਸਿੰਘ ਤੇ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਰਾਤ ਨੂੰ ਅਚਾਨਕ ਰਜਬਾਹੇ ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਰਜਬਾਹਾ ਟੁੱਟ ਗਿਆ, ਜਿਸ ਨਾਲ ਉਨ੍ਹਾਂ ਦੀ ਕਣਕ ਦੇ ਨਾਲ-ਨਾਲ ਮਟਰਾਂ ਅਤੇ ਹਰੇ ਚਾਰੇ ਦੀ ਫ਼ਸਲ ਵੀ ਪਾਣੀ ਵਿਚ ਡੁੱਬ ਗਈ ਅਤੇ ਖ਼ਰਾਬ ਹੋ ਗਈ।
ਉਨ੍ਹਾਂ ਨਹਿਰੀ ਵਿਭਾਗ ਤੋਂ ਖ਼ਰਾਬ ਫ਼ਸਲ ਦੀ ਗਿਰਦਾਵਰੀ ਕਰਵਾਉਣ ਦੇ ਨਾਲ ਉਨ੍ਹਾਂ ਵਿਅਕਤੀਆਂ ਵਿਰੁੱਧ ਪੁਲੀਸ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਫ਼ਸਲਾਂ ਦੇ ਮੁਆਵਜ਼ੇ ਦੇ ਨਾਲ ਨਹਿਰੀ ਵਿਭਾਗ ਦੀ ਜਾਇਦਾਦ ਦੇ ਹੋਏ ਨੁਕਸਾਨ ਦੀ ਭਰਪਾਈ ਵੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਉਹ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨਗੇ।
ਉੱਧਰ, ਨਹਿਰੀ ਵਿਭਾਗ ਦੇ ਬੇਲਦਾਰ ਮੱਘਰ ਰਾਮ ਨੇ ਦੱਸਿਆ ਕਿ ਪਿੰਡ ਦੁਤਾਲ ਦੇ ਕੁਝ ਵਿਅਕਤੀਆਂ ਵੱਲੋਂ ਰਜਬਾਹੇ ਨਾਲ ਛੇੜਛਾੜ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ ਕਿਉਂਕਿ ਇਹ ਵਿਅਕਤੀ ਪਹਿਲਾਂ ਵੀ ਰਾਜਬਾਹਾ ਖੋਲ੍ਹਣ ਦੀ ਕੋਸ਼ਿਸ਼ ਕਰ ਚੁੱਕੇ ਹਨ।
ਜਬਰੀ ਰਜਬਾਹਾ ਖੋਲ੍ਹਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਵਾਵਾਂਗੇ: ਜੇ.ਈ.
ਨਹਿਰੀ ਵਿਭਾਗ ਦੇ ਜੇ.ਈ. ਸੰਤੋਸ਼ ਪ੍ਰਭਾਕਰ ਨੇ ਕਿਹਾ ਕਿ ਸਬੰਧਤ ਵਿਅਕਤੀਆਂ ਦੇ ਨਾਵਾਂ ਦਾ ਪਤਾ ਲੱਗ ਚੁੱਕਾ ਹੈ ਅਤੇ ਜਲਦੀ ਹੀ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇਗਾ ਤਾਂ ਜੋ ਦੁਬਾਰਾ ਕੋਈ ਵਿਅਕਤੀ ਰਜਬਾਹੇ ਨਾਲ ਛੇੜਛਾੜ ਨਾ ਕਰੇ।