ਜੈਸਮੀਨ ਭਾਰਦਵਾਜ
ਨਾਭਾ, 6 ਜੂਨ
ਇੱਥੋਂ ਦੇ ਪਿੰਡ ਮੈਹਸ ਵਿੱਚ ਨਸ਼ਿਆਂ ਖ਼ਿਲਾਫ਼ ਲਗਾਏ ਗਏ ਜਾਗਰੂਕਤਾ ਕੈਂਪ ’ਚ ਪਹੁੰਚੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਕੈਂਪ ਦੌਰਾਨ ਪਿੰਡ ਦੇ ਇੱਕ ਵਸਨੀਕ ਨੇ ਮਾਈਕ ’ਤੇ ਆ ਕੇ ਵਿਧਾਇਕ ਨੂੰ ਸ਼ੋਸ਼ੇਬਾਜ਼ੀ ਛੱਡ ਨਸ਼ੇ ਦੇ ਮੁੱਦੇ ਦੀ ਗੰਭੀਰਤਾ ਨੂੰ ਸਮਝਣ ਦੀ ਅਪੀਲ ਕੀਤੀ। ਇਸ ’ਤੇ ਵਿਧਾਇਕ ਕਾਫੀ ਭੜਕ ਗਏ। ਇਸ ਮਾਮਲੇ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ।
ਸਰਕਾਰੀ ਅਧਿਆਪਕ ਗੁਰਪ੍ਰੀਤ ਸਿੰਘ ਵੜੈਚ ਨੇ ਵਿਧਾਇਕ ਨੂੰ ਅਪੀਲ ਕੀਤੀ ਕਿ ਨਸ਼ਿਆਂ ਦਾ ਮੁੱਦਾ ਅਤਿ ਗੰਭੀਰ ਮੁੱਦਾ ਹੈ, ਇਸ ਸਬੰਧੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਅਤੇ ਸਕੂਲ ਦੇ ਗਰਾਊਂਡ ਦੀ ਹਾਲਤ ਤਰਸਯੋਗ ਹੈ। ਜਦੋਂ ਇਸ ਸਬੰਧੀ ਵਿਧਾਇਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਦੇ ਮਾਮਲੇ ’ਤੇ ਪੂਰੀ ਤਰ੍ਹਾਂ ਗੰਭੀਰ ਹੈ ਤੇ ਉਨ੍ਹਾਂ ਵੱਲੋਂ ਪਿਛਲੇ ਦਿਨਾਂ ’ਚ ਨਸ਼ਾ ਵੇਚਣ ਵਾਲਿਆਂ ਖਿਲਾਫ ਸੱਤ ਕੇਸ ਵੀ ਦਰਜ ਕਰਾਏ ਗਏ ਹਨ।
ਦੂਜੇ ਪਾਸੇ ਭਾਜਪਾ ਆਗੂ ਮੋਹਿਤ ਸੂਦ ਨੇ ਕਿਹਾ ਕਿ ਕਾਂਗਰਸ ਵੀ ਇਹੀ ਪ੍ਰਚਾਰ ਕਰਦੀ ਰਹੀ ਕਿ ਹਜ਼ਾਰਾਂ ਕੇਸ ਦਰਜ ਕੀਤੇ ਹਨ ਪਰ ਨਸ਼ੇ ਦੀ ਸਮੱਸਿਆ ਵਧਦੀ ਹੀ ਜਾ ਰਹੀ ਹੈ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਲੋਕ ਵੀ ਹਿੰਮਤ ਕਰਨ ਤੇ ਖੁਦ ਉਨ੍ਹਾਂ ਤੱਕ ਜਾਂ ਪੁਲੀਸ ਤੱਕ ਸਬੂਤ ਪਹੁੰਚਾਉਣ ਤਾਂ ਇਹ ਨਹੀਂ ਹੋ ਸਕਦਾ ਕਿ ਪੁਲੀਸ ਕਾਰਵਾਈ ਨਾ ਕਰੇ ਤੇ ਜੇਕਰ ਕਿਸੀ ਪੁਲੀਸ ਮੁਲਾਜ਼ਮ ਨੇ ਅਣਗਹਿਲੀ ਵਰਤੀ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਲਾਜ਼ਮੀ ਹੋਵੇਗੀ।
ਉਨ੍ਹਾਂ ਕਿਹਾ ਕਿ ਪਿੰਡ ਦਾ ਉਹ ਬੁਲਾਰਾ ਜਾਂ ਤਾਂ ਆਪਣੇ ਦਾਅਵਿਆਂ ਦੇ ਸਬੂਤ ਪੇਸ਼ ਕਰੇ, ਨਹੀਂ ਤਾਂ ਉਸ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।