ਗੁਰਨਾਮ ਸਿੰਘ ਚੌਹਾਨ
ਪਾਤੜਾਂ, 3 ਸਤੰਬਰ
ਕਾਂਗਰਸੀ ਵਿਧਾਇਕ ਦੇ ਇਕ ਸੁਰੱਖਿਆ ਕਰਮੀ ਵਲੋਂ ਪਿੰਡ ਛਬੀਲਪੁਰ ਵਿਚ ਇਕ ਨੌਜਵਾਨ ਦੀ ਕੁੱਟਮਾਰ ਅਤੇ ਵਾਲਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਧਿਰਾਂ ਨੇ ਪੁਲੀਸ ਕੋਲ ਪਹੁੰਚ ਕੇ ਇਨਸਾਫ ਦੀ ਮੰਗ ਕੀਤੀ ਹੈ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪਿੰਡ ਛਬੀਲਪੁਰ ਵਾਸੀ ਰਣਜੀਤ ਸਿੰਘ ਸ਼ੁਤਰਾਣਾ ਸੜਕ ਉਤੇ ਗੱਡੀ ਵਿੱਚ ਜਾ ਰਿਹਾ ਸੀ। ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਪੰਜਾਬ ਆਰਮਡ ਪੁਲੀਸ ਦੇ ਮੁਲਾਜ਼ਮ ਤੇ ਸਮਾਣਾ ਦੇ ਵਿਧਾਇਕ ਦੀ ਸੁਰੱਖਿਆ ਵਿਚ ਤਾਇਨਾਤ ਹਰਪਾਲ ਸਿੰਘ ਦੀ ਕਾਰ ਨਾਲ ਸਾਈਡ ਸ਼ੀਸ਼ਾ ਖਹਿ ਗਿਆ। ਹਰਪਾਲ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਤੇ ਦਸਤਾਰ ਲਾਹ ਕੇ ਵਾਲ ਪੁੱਟੇ। ਉਨ੍ਹਾਂ ਮੁੱਢਲਾ ਸਿਹਤ ਕੇਂਦਰ ਪਾਤੜਾਂ ਵਿੱਚ ਦਾਖਲ ਹੋ ਕੇ ਇਲਾਜ ਕਰਵਾਇਆ। ਉਨ੍ਹਾਂ ਦੱਸਿਆ ਹੈ ਕਿ ਇਸ ਘਟਨਾ ਉਪਰੰਤ ਉਨ੍ਹਾਂ ਨੇ ਬਾਦਸ਼ਾਹਪੁਰ ਪੁਲੀਸ ਨੂੰ ਸੂਚਿਤ ਕੀਤਾ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਦੂਜੇ ਪਾਸੇ ਹਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਸਨ ਜਿਸ ਉਪਰੰਤ ਉਨ੍ਹਾਂ ਦਾ ਝਗੜਾ ਹੋਇਆ ਸੀ। ਉਨ੍ਹਾਂ ਹੋਰ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਬਾਦਸ਼ਾਹਪੁਰ ਦੇ ਚੌਕੀ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਤੇ ਹਰਪਾਲ ਸਿੰਘ ਵਲੋਂ ਸ਼ਿਕਾਇਤ ਆਈ ਹੈ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।