ਪੱਤਰ ਪ੍ਰੇਰਕ
ਦੇਵੀਗੜ੍ਹ, 27 ਜੁਲਾਈ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਦੇਖ-ਰੇਖ ਹੇਠ ਜ਼ਿਲ੍ਹਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਹਲਕਾ ਸਨੌਰ ’ਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਹਲਕੇ ਦੇ ਪੰਚ-ਸਰਪੰਚ, ਨੰਬਰਦਾਰ, ਚੌਕੀਦਾਰ, ਡਿੱਪੂ ਹੋਲਡਰ, ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਸਮੇਤ ਵੱਡੀ ਗਿਣਤੀ ਇਲਾਕੇ ਦੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਲੋਕਾਂ ਨੂੰ ਆਪਣੇ ਪਿੰਡ ਨਸ਼ਾ ਮੁਕਤ ਕਰਨ ਲਈ ਤਹੱਈਆ ਕਰਨ ਦੀ ਅਪੀਲ ਕਰਦਿਆਂ ਜੈਕਾਰਾ ਲਗਾ ਕੇ ਪ੍ਰਣ ਕਰਵਾਇਆ ਕਿ ਉਹ ਆਪਣੇ ਫ਼ਰਜ਼ ਪਛਾਣਦੇ ਹੋਏ ਨਸ਼ੇ ਖਤਮ ਕਰਨ ’ਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਦੱਸਿਆ ਕਿ ਹਲਕੇ ’ਚ 20 ਮੈਦਾਨ ਖਾਲੀ ਕਰਵਾ ਦਿੱਤੇ ਹਨ, ਇਸ ਲਈ ਲੋਕ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਮੈਦਾਨ ’ਚ ਜਾਣ ਲਈ ਪ੍ਰੇਰਿਤ ਕਰਨ। ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਲੋਕਾਂ ਨੂੰ ਗੁਰੂ ਸਾਹਿਬਾਨਾਂ ਤੋਂ ਪ੍ਰੇਰਨਾ ਲੈ ਕੇ ਨਸ਼ਿਆਂ ਨੂੰ ਜੜੋਂ ਮੁਕਾਉਣ ਲਈ ਪੁਲੀਸ ਦਾ ਸਾਥ ਦੇਣ ਦਾ ਵੀ ਸੱਦਾ ਦਿੱਤਾ।