ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 21 ਜੁਲਾਈ
ਹਲਕਾ ਸਨੌਰ ਦੇ ਦੇਵੀਗੜ੍ਹ ਖੇਤਰ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਿਸ਼ ਪੈ ਰਹੀ ਹੈ। ਇਸ ਕਾਰਨ ਪਿੰਡ ਅਦਾਲਤੀਵਾਲਾ, ਔਝਾਂ, ਬਿੰਜਲ, ਮੌਹਲਗੜ੍ਹ ਆਦਿ ਵਿੱਚ ਬਾਰਿਸ਼ ਦਾ ਭਾਰੀ ਪਾਣੀ ਖੇਤਾਂ ਵਿੱਚ ਖੜ੍ਹਾ ਹੈ ਅਤੇ ਝੋਨੇ ਦੀ ਫਸਲ ਦਾ ਨੁਕਸਾਨ ਕਰ ਰਿਹਾ ਹੈ। ਇਸ ਬਾਰਸ਼ ਦੇ ਪਾਣੀ ਨੂੰ ਦੇਖਦਿਆਂ ਅੱਜ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਹੋਰ ਉੱਚ ਅਧਿਕਾਰੀਆਂ ਨਾਲ ਟਾਂਗਰੀ, ਮਾਰਕੰਡਾ ਅਤੇ ਅਦਾਲਤੀਵਾਲਾ ਡਰੇਨ ਦਾ ਪਾਣੀ ਜੋ ਖੇਤਾਂ ਵਿੱਚ ਖੜ੍ਹਾ ਹੈ ਜਾਂ ਸੜਕ ਦੀਆਂ ਪੁਲੀਆਂ ਬੰਦ ਹਨ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਪੁਲੀਆਂ ਖੁੱਲ੍ਹਵਾਉਣ ਅਤੇ ਖੇਤਾਂ ਵਿੱਚ ਭਰੇ ਪਾਣੀ ਨੂੰ ਕੱਢਣ ਲਈ ਆਦੇਸ਼ ਦਿੱਤੇ। ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਬਰਸਾਤ ਦੇ ਮੌਕੇ ਕਿਸੇ ਵੀ ਵਿਅਕਤੀ ਨੂੰ ਸੜਕਾਂ ਦੀਆਂ ਪੁਲੀਆਂ ਬੰਦ ਨਹੀਂ ਕਰਨ ਦਿੱਤੀਆਂ ਜਾਣਗੀਆਂ ਅਤੇ ਨਾ ਹੀ ਕਿਸੇ ਨੂੰ ਬਾਰਿਸ਼ ਦੇ ਪਾਣੀ ਨੂੰ ਰੋਕਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਅੱਗੇ ਸੜਕਾਂ ਵਿੱਚ ਸਾਈਫਨ ਲੱਗਣਗੇ ਉਨ੍ਹਾਂ ਨੂੰ ਮੁਆਵਜ਼ਾ ਦੁੱਗਣਾ ਦੁਆਇਆ ਜਾਵੇਗਾ। ਇਸ ਮੌਕੇ ਐੱਸਡੀਐੱਮ ਦੂਧਨਸਾਧਾਂ ਕ੍ਰਿਪਾਲਵੀਰ ਸਿੰਘ, ਡੀਐੱਸਪੀ ਦਿਹਾਤੀ ਪਟਿਆਲਾ ਗੁਰਦੇਵ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।