ਗੁਰਨਾਮ ਸਿੰਘ ਚੌਹਾਨ
ਪਾਤੜਾਂ, 27 ਜਨਵਰੀ
ਹਲਕਾ ਸ਼ੁਤਰਾਣਾ ਤੋਂ ਕਾਂਗਰਸ ਨੇ ਮੌਜੂਦਾ ਵਿਧਾਇਕ ਨਿਰਮਲ ਸਿੰਘ ਦੀ ਟਿਕਟ ਕੱਟ ਕੇ ਨਵੇਂ ਚਿਹਰੇ ਦਰਬਾਰਾ ਸਿੰਘ ਬਣਵਾਲਾ ਨੂੰ ਦੇ ਦਿੱਤੀ ਹੈ। ਦੂਜੇ ਪਾਸੇ ਟਿਕਟ ਕੱਟੇ ਜਾਣ ਮਗਰੋਂ ਵਿਧਾਇਕ ਨਿਰਮਲ ਸਿੰਘ ਨੇ ਬਾਗੀ ਸੁਰ ਅਪਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਨਕਮ ਟੈਕਸ ਵਿਭਾਗ ਦੇ ਸਾਬਕਾ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਬਣਵਾਲਾ ਟਿਕਟ ਮਿਲਣ ’ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਅਤੇ ਮਾਈ ਡੇਰਾ ਵਿਖੇ ਨਤਮਸਤਕ ਹੁੰਦਿਆਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਨਾਲ ਨਾਲ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਦੌਰਾਨ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਦਾ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਭਰਵਾਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਲਕੇ ਦੇ ਲੋਕਾਂ ਦੀ ਸੇਵਾ ਲਈ ਕੰਮ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ। ਇਸ ਮੌਕੇ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚੰਦ ਗੁਪਤਾ, ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਤਰਲੋਚਨ ਸਿੰਘ ਸ਼ੇਰਗੜ੍ਹ, ਰਣਜੀਤ ਅਰੋੜਾ ਬਿੱਲਾ, ਨਰਿੰਦਰ ਸਿੰਗਲਾ ਤੇ ਧਰਮਪਾਲ ਬਰਾਸ ਆਦਿ ਹਾਜ਼ਰ ਸਨ।
ਟਿਕਟ ਕੱਟੇ ਜਾਣ ਤੋਂ ਨਿਰਾਸ਼ ਵਿਧਾਇਕ ਨਿਰਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਆਪਣੇ ਲਈ ਨਾ ਤਾਂ ਕਦੇ ਕੋਈ ਮੰਤਰੀ ਦਾ ਅਹੁਦਾ ਮੰਗਿਆ ਅਤੇ ਨਾ ਹੀ ਕੁਝ ਹੋਰ। ਉਨ੍ਹਾਂ ਜਦੋਂ ਵੀ ਕੁਝ ਮੰਗਿਆ ਆਪਣੇ ਇਲਾਕੇ ਦਾ ਵਿਕਾਸ ਮੰਗਿਆ। ਆਪਣੀਆਂ ਮੰਗਾਂ ਦੀ ਪੂਰਤੀ ਲਈ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਅੱਗੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਸੀ ਅਤੇ ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਤੋਂ ਵੀ ਸਖ਼ਤ ਰੁਖ ਵਿੱਚ ਵਿਕਾਸ ਕਾਰਜਾਂ ਲਈ ਗਰਾਂਟਾਂ ਜਾਰੀ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਵੱਲੋਂ ਅਪਣਾਇਆ ਗਿਆ ਸਖ਼ਤ ਰੁਖ਼ ਹੀ ਉਨ੍ਹਾਂ ਦੀ ਟਿਕਟ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਬਣਿਆ ਹੈ।
ਉਨ੍ਹਾਂ ਹਲਕਾ ਸ਼ੁਤਰਾਣਾ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਦਰਬਾਰਾ ਸਿੰਘ ਬਨਵਾਲਾ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਾਬਕਾ ਨੌਕਰਸ਼ਾਹ ਬਣਵਾਲਾ ਦੀ ਕਾਂਗਰਸ ਪਾਰਟੀ ਨੂੰ ਕੋਈ ਦੇ ਨਹੀਂ। ਜੇਕਰ ਦਰਬਾਰਾ ਸਿੰਘ ਆਪਣੀ ਕੋਈ ਦੇਣ ਸਾਬਤ ਕਰ ਦੇਣ ਤਾਂ ਉਹ ਉਹ ਨੰਗੇ ਪੈਰੀਂ ਨਾਲ ਚੱਲਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਅਗਲੇ ਦੋ ਦਿਨਾਂ ਵਿੱਚ ਸਮਰਥਕਾਂ ਨਾਲ ਸਲਾਹ ਮਸ਼ਵਰਾ ਉਪਰੰਤ ਅਗਲਾ ਫ਼ੈਸਲਾ ਲੈਣਗੇ।