ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 22 ਅਪਰੈਲ
ਇਲਾਕੇ ਵਿੱਚ ਬੀਤੇ ਦਿਨੀਂ ਤੇਜ਼ ਬਾਰਿਸ਼ ਅਤੇ ਗੜਿਆਂ ਨਾਲ ਨੁਕਸਾਨੀਆਂ ਫ਼ਸਲਾਂ ਅਤੇ ਸਬਜ਼ੀਆਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਨੀਨਾ ਮਿੱਤਲ ਖਿਜਰਗੜ੍ਹ ਕਨੌੜ ਅਤੇ ਰਾਮਪੁਰ ਕਲਾਂ ਪਿੰਡਾਂ ਵਿੱਚ ਪਹੁੰਚੇ ਜਿੱਥੇ ਕਿਸਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਬਜ਼ੀ ਕਾਸ਼ਤਕਾਰਾਂ ਨੂੰ ਤਰਬੂਜ਼, ਖ਼ਰਬੂਜ਼ਾ, ਭਿੰਡੀ, ਮਿਰਚਾਂ ਆਦਿ ਫ਼ਸਲਾਂ ’ਤੇ ਮਹਿੰਗੇ ਬੀਜ ਅਤੇ ਗੜਿਆਂ ਦੀ ਦੋਹਰੀ ਮਾਰ ਝੱਲਣੀ ਪਈ ਹੈ। ਵਿਭਾਗ ਦੇ ਸਬੰਧਤ ਅਧਿਕਾਰੀਆਂ ਤੁਰੰਤ ਗਿਰਦਾਵਰੀ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਵਿਧਾਇਕ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਲਦੀ ਗਿਰਦਾਵਰੀ ਦੇ ਕੰਮ ਮੁਕੰਮਲ ਕੀਤੇ ਜਾਣ ਅਤੇ ਇਸ ਕਾਰਜ ਵਿੱਚ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮਾਨ ਸਰਕਾਰ ਅਤੇ ਉਹ ਬਤੌਰ ਹਲਕਾ ਵਿਧਾਇਕ ਹੋਣ ਕਰਕੇ ਡਟ ਕੇ ਲੋਕਾਂ ਨਾਲ ਖੜ੍ਹੇ ਹਨ ਅਤੇ ਸਮੁੱਚੇ ਨੁਕਸਾਨ ਦੀ ਪਾਰਦਰਸ਼ੀ ਪ੍ਰਣਾਲੀ ਨਾਲ ਸਮਾਂਬੱਧ ਗਿਰਦਾਵਰੀ ਕਰਵਾ ਕੇ ਬਣਦਾ ਯੋਗ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਪੀਏ ਟੂ ਵਿਧਾਇਕਾ ਅਮਰਿੰਦਰ ਸਿੰਘ, ਜਸਵਿੰਦਰ ਸਿੰਘ ਲਾਲਾ ਖਲੌਰ, ਐਡਵੋਕੇਟ ਸੰਦੀਪ ਬਾਵਾ, ਆਪ ਆਗੂ ਸੁਮਨ, ਬਲਾਕ ਪ੍ਰਧਾਨ ਲੱਕੀ ਸੰਧੂ, ਬਲਾਕ ਪ੍ਰਧਾਨ ਬਲਾਕ ਪ੍ਰਧਾਨ ਗੁਰਜੀਤ ਸਿੰਘ, ਪੰਕਜ ਲੂਥਰਾ, ਹਰਿੰਦਰ ਸਿੰਘ ਸਰਪੰਚ ਰਾਮਪੁਰ ਕਲਾਂ, ਹਰਮਿੰਦਰ ਸਿੰਘ ਹਨੀ, ਨਰਿੰਦਰ ਸਿੰਘ, ਹਾਕਮ ਸਿੰਘ, ਮਲਕੀਤ ਸਿੰਘ, ਅਵਤਾਰ ਸਿੰਘ ਖਿੱਜਰਗੜ੍ਹ, ਬਲਵੀਰ ਸਿੰਘ, ਗੁਰਮੇਲ ਸਿੰਘ ਨੰਬਰਦਾਰ, ਰਣਜੀਤ ਸਿੰਘ ਅਤੇ ਹੈਪੀ ਮੌਜੂਦ ਸਨ।