ਪੱਤਰ ਪ੍ਰੇਰਕ
ਪਟਿਆਲਾ, 12 ਅਪਰੈਲ
ਪਿਛਲੀਆਂ ਸਰਕਾਰਾਂ ਦੇ ਸਤਾਏ ਲੋਕਾਂ ਨੂੰ ਰਾਹਤ ਦੇਣ ਲਈ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਪਣਾ ਪੂਰਾ ਸਮਾਂ ਲੋਕਾਂ ਨੂੰ ਦੇਣ ਲਈ ਪਿਛਲੇ ਦੋ ਦਿਨਾਂ ਤੋਂ ਸਰਕਟ ਹਾਊਸ ਵਿਚ ਡੇਰੇ ਲਗਾ ਲਏ ਹਨ। ਇੱਥੇ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਨ ਦਾ ਯਤਨ ਕਰ ਰਹੇ ਹਨ।
ਵਿਧਾਇਕ ਅਜੀਤਪਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਤਾਏ ਲੋਕਾਂ ਦੇ ਦੁੱਖੜੇ ਸੁਣ ਕੇ ਮੇਰਾ ਵੀ ਮਨ ਘਬਰਾਉਣ ਲੱਗ ਜਾਂਦਾ ਹੈ। ਇਸ ਮੌਕੇ ਆ ਰਹੇ ਲੋਕਾਂ ਦੀਆਂ ਕਿਸੇ ਨਾ ਕਿਸੇ ਸਰਕਾਰੀ ਮਹਿਕਮੇ ਨਾਲ ਸਬੰਧਿਤ ਸਮੱਸਿਆ ਹੈ ਅਤੇ ਉਹ ਪਿਛਲੀ ਸਰਕਾਰ ਸਮੇਂ ਹੋਏ ਧੱਕੇ ਦੀ ਵਿਥਿਆ ਸੁਣਾਉਂਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਪੁਲੀਸ ਨਾਲ ਸਬੰਧਤ ਹਨ ਅਤੇ ਕਈ ਮਾਮਲੇ ਬਜ਼ੁਰਗਾਂ ਦੀ ਪੈਨਸ਼ਨ ਅਤੇ ਹੋਰ ਨਿੱਤ ਮਸਲਿਆਂ ਨਾਲ ਸਬੰਧਤ ਹਨ।
ਵਿਧਾਇਕ ਅਜੀਤਪਾਲ ਦਾ ਕਹਿਣਾ ਹੈ ਕਿ ਉਹ ਆਮ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਭਾਗ ਨਾਲ ਸਬੰਧਿਤ ਸਮੱਸਿਆ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਡਾ ਮਕਸਦ ਹੈ ਕਿ ਕਿਸੇ ਨਾਲ ਵੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਏਗੀ।
ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੀਆਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਬੇਸ਼ੱਕ ਅਮੀਰ ਹੋਵੇ ਜਾਂ ਗ਼ਰੀਬ ਕਿਸੇ ਨਾਲ ਵੀ ਧੱਕਾ ਬਰਦਾਸ਼ਤ ਨਹੀਂ ਹੋਏਗਾ। ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆ ਹੱਲ ਕਰਨ ਅਤੇ ਵਾਅਦੇ ਪੂਰੇ ਕਰਨ ਲਈ ਤਤਪਰ ਹੈ, ਅਜੀਤਪਾਲ ਕੋਹਲੀ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ।